ਲੁਧਿਆਣਾ: ਕੋਰੋਨਾ ਦੀ ਦੂਜੀ ਲਹਿਰ ਦੇਸ਼ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਜਿਸ ਕਾਰਨ ਦੇਸ਼ ਵਿੱਚ ਆਕਸੀਜਨ ਦੀ ਵੀ ਕਮੀ ਆ ਗਈ ਹੈ। ਉਥੇ ਹੀ ਐਸਜੀਪੀਸੀ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਦੇ ਬਚਾਅ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਤਹਿਤ ਆਲਮਗੀਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਵਿਸ਼ੇਸ਼ ਤੌਰ ’ਤੇ ਆਕਸੀਜਨ ਦੀ ਘਾਟ ਪੂਰੀ ਕਰਨ ਲਈ ਬੈਡ ਲਗਾਏ ਗਏ ਹਨ। ਇਸ ਮੌਕੇ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਜਿਸ ਦੌਰਾਨ ਉਹਨਾਂ ਐਲਾਨ ਕੀਤਾ ਕਿ ਕਮੇਟੀ ਇਸ ਬੁਰ੍ਹੇ ਵਕਤ ਦੇ ਵਿੱਚ ਲੋਕਾਂ ਦੇ ਨਾਲ ਖੜੀ ਹੈ ਅਤੇ ਜਿੰਨੀ ਵੀ ਵੱਧ ਤੋਂ ਵੱਧ ਮਦਦ ਹੋਵੇਗੀ ਉਹ ਕਮੇਟੀ ਵੱਲੋਂ ਲੋਕਾਂ ਨੂੰ ਮੁਹਈਆ ਕਰਵਾਈ ਜਾਵੇਗੀ।
ਇਹ ਵੀ ਪੜੋ: ICU 'ਚ ਮਰੇ ਮਰੀਜ਼ਾਂ ਨੂੰ ਛੱਡ ਕੇ ਭੱਜਣ ਵਾਲੇ ਡਾਕਟਰਾਂ 'ਤੇ 6 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ
ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਐਸਜੀਪੀਸੀ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹਸਪਤਾਲ ਦੇ ਵਿੱਚ ਟੀਕਾਕਰਨ ਵੀ ਮੁਫ਼ਤ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਆਪਣਾ ਆਕਸੀਜਨ ਪਲਾਂਟ ਲਾਉਣ ਦੇ ਵੀ ਯਤਨ ਕਰ ਰਹੀ ਹੈ, ਜਿਸ ਨਾਲ ਮਰੀਜ਼ਾਂ ਨੂੰ ਵੱਧ ਤੋਂ ਵੱਧ ਤੇ ਮੁਫ਼ਤ ਆਕਸੀਜਨ ਮਿਲ ਸਕੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਲੋਕਾਂ ਨੂੰ ਨਾ ਡਰਾਉਣ ਕਿਉਂਕਿ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਸਗੋਂ ਲੜਨ ਦੀ ਲੋੜ ਹੈ।