ਲੁਧਿਆਣਾ: ਦਿੱਲੀ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਲੀਡ ਨੂੰ ਲੈ ਕੇ ਆਪ ਆਗੂਆਂ ਅਤੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਜਗਰਾਓਂ ਤੋਂ ਆਪ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਇਹ ਵਿਕਾਸ ਦੀ ਜਿੱਤ ਹੋਈ ਹੈ। ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਆਪਣੀ ਵੋਟ ਦਿੱਤੀ ਹੈ, ਜਿਸ ਦਾ ਅੱਜ ਨਤੀਜਾ ਵੇਖਣ ਨੂੰ ਮਿਲਿਆ।
ਆਮ ਆਦਮੀ ਪਾਰਟੀ ਦੀ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਆਪਣਾ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂਅ 'ਤੇ ਸਿਆਸਤ ਕਰਨ ਵਾਲਿਆਂ ਨੂੰ ਆਪ ਦਾ ਇਹ ਕਰਾਰਾ ਜਵਾਬ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਦੇ ਨਾਲ ਪੰਜਾਬ ਦੇ ਵਰਕਰਾਂ ਅਤੇ ਆਗੂਆਂ ਵਿੱਚ ਵੀ ਜੋਸ਼ ਹੈ ਅਤੇ ਇਨ੍ਹਾਂ ਨਤੀਜਿਆਂ ਦਾ ਅਸਰ ਆਉਂਦੇ ਦਿਨਾਂ 'ਚ ਪੰਜਾਬ ਦੀ ਸਿਆਸਤ 'ਤੇ ਵੀ ਪਵੇਗਾ।
ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਦਿੱਲੀ ਦੇ ਲੋਕਾਂ ਨੇ ਵਿਕਾਸ ਦੇ ਨਾਂਅ 'ਤੇ ਵੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ 'ਚ ਇਹ ਸਾਬਿਤ ਹੁੰਦਾ ਹੈ ਕਿ ਲੋਕਤੰਤਰ ਵਿੱਚ ਅੱਜ ਵੀ ਵਿਕਾਸ ਨੂੰ ਹੀ ਲੋਕ ਪਸੰਦ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਝੂਠ ਬੋਲਣ ਵਾਲਿਆਂ ਨੂੰ ਕਰਾਰੀ ਚਪੇੜ ਮਾਰੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੰਜਾਬ ਦੀ ਵਿਧਾਨ ਸਭਾ ਚੋਣਾਂ ਨੂੰ ਸਮਾਂ ਹੈ।