ਲੁਧਿਆਣਾ : ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਬੈਂਸ ਭਰਾਵਾਂ 'ਤੇ ਨਸ਼ਾ ਤਸਕਰਾਂ ਨੂੰ ਪਨਾਹ ਦੇਣ ਦੇ ਦੋਸ਼ ਲਾਏ। ਇਸ ਦੌਰਾਨ ਉਨ੍ਹਾਂ ਨੇ ਸਿਮਰਜੀਤ ਬੈਂਸ ਦੇ ਪੀਏ ਦੀ ਨਸ਼ੇ ਤੇ ਹਥਿਆਰਾਂ ਸਣੇ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ।
ਗੁਰਦੀਪ ਗੋਸ਼ਾ ਨੇ ਬੈਂਸ ਭਰਾਵਾਂ ਦੇ ਵਿਰੁੱਧ ਬੋਲਦਿਆਂ ਕਿਹਾ ਕਿ ਅਸੀਂ ਵਾਰ-ਵਾਰ ਇਨ੍ਹਾਂ ਵਿਰੁੱਧ ਬੋਲਦੇ ਹਾਂ, ਕਿਉਂਕਿ ਇਹ ਦੋਵੇਂ ਭਰਾ ਹੋਰਨਾਂ ਲੋਕਾਂ 'ਤੇ ਇਲਜ਼ਾਮ ਲਾਉਂਦੇ ਹਨ। ਜੇਕਰ ਇਨ੍ਹਾਂ ਦੇ ਸਾਥੀਆਂ ਬਾਰੇ ਗੱਲ ਕੀਤੀ ਜਾਏ ਤਾਂ ਚੁੱਪੀ ਸਾਧ ਲੈਂਦੇ ਹਨ।
ਗੋਸ਼ਾ ਨੇ ਕਿਹਾ ਕਿ ਹੁਣ ਤੱਕ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਵੱਖ-ਵੱਖ ਅਧਿਕਾਰੀਆਂ ਬਾਰੇ ਖੁਲਾਸੇ ਕਰਦੇ ਆਏ ਹਨ ਪਰ ਇਹ ਖ਼ੁਦ ਵੀ ਨਸ਼ਾ ਤਸਕਰਾਂ ਦਾ ਸਾਥ ਦਿੰਦੇ ਹਨ। ਉਨ੍ਹਾਂ ਆਖਿਆ ਕਿ ਹੁਣ ਤੱਕ ਬੈਂਸ ਦੀ ਪਾਰਟੀ 'ਚੋਂ ਇੱਕ ਕੌਂਸਲਰ ਤੇ ਬੈਂਸ ਪਰਿਵਾਰ ਦੀ ਇੱਕ ਬੇਹਦ ਕਰੀਬੀ ਮਹਿਲਾ ਨਸ਼ਾ ਤਸਕਰੀ ਮਾਮਲੇ ਦੀ ਦੋਸ਼ੀ ਪਾਈ ਗਈ ਹੈ।
ਗੁਰਦੀਪ ਗੋਸ਼ਾ ਨੇ ਦੱਸਿਆ ਕਿ ਸਿਮਰਜੀਤ ਬੈਂਸ ਦੇ ਪੀਏ ਮਨਿੰਦਰ ਸਿੰਘ ਮਨੀ ਦੀ ਵੱਖ-ਵੱਖ ਸੋਸ਼ਲ ਮੀਡੀਆ ਅਕਾਉਂਟ 'ਤੇ ਨਸ਼ੇ ਅਤੇ ਹਥਿਆਰਾਂ ਦੀ ਤਸਵੀਰਾਂ ਵਾਇਰਲ ਹੋਇਆਂ ਹਨ। ਗੋਸ਼ਾ ਨੇ ਆਖਿਆ ਇਨ੍ਹਾਂ ਤਸਵੀਰਾਂ ਤੇ ਸਬੂਤਾਂ ਤੋਂ ਇਹ ਪਤਾ ਲੱਗਦਾ ਹੈ ਕਿ ਦੂਜੀਆਂ 'ਤੇ ਦਾਗ ਲਾਉਣ ਵਾਲੇ ਬੈਂਸ ਭਰਾ ਖ਼ੁਦ ਨਸ਼ੇ ਦੇ ਸੌਦਾਗਰ ਹਨ ਤੇ ਨਸ਼ਾ ਤਸਕਰਾਂ ਨੂੰ ਪਨਾਹ ਦਿੰਦੇ ਹਨ। ਗੋਸ਼ਾ ਨੇ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਰਹੇ ਹਨ 'ਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਬਾਰੇ ਹੋਰ ਖੁਲਾਸੇ ਹੋਣਗੇ ਤਾਂ ਜੋ ਜਨਤਾ ਨੂੰ ਸੱਚਾਈ ਪਤਾ ਲੱਗ ਸਕੇ।