ਲੁਧਿਆਣਾ: ਸਮਰਾਲਾ ਵਿਖੇ ਪਿਛਲੇ ਦਿਨੀਂ ਇੱਕ ਕਾਂਗਰਸੀ ਆਗੂ ਵੱਲੋਂ ਇੱਕ ਗ਼ਰੀਬ ਪਰਿਵਾਰ 'ਤੇ ਉਨ੍ਹਾਂ ਦੀ ਧੀ 'ਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਤਸ਼ਦਦ ਦਾ ਸ਼ਿਕਾਰ ਹੋਈ ਪੀੜਤਾ ਨੂੰ ਮਿਲਣ ਸਿਵਲ ਹਸਪਤਾਲ ਸਾਮਰਾਲਾ ਪੁੱਜੇ।
ਇਥੇ ਉਨ੍ਹਾਂ ਨੇ ਪੀੜਤਾ ਦਾ ਹਾਲ ਜਾਣਿਆ। ਉਨ੍ਹਾਂ ਅਕਾਲੀ ਦਲ ਵੱਲੋਂ ਪੀੜਤਾ ਦੇ ਹੱਕ 'ਚ ਸਮਰਥਨ ਦੇਣ ਦੀ ਗੱਲ ਆਖੀ ਗਈ। ਉਨ੍ਹਾਂ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਕੈਪਟਨ ਸਰਕਾਰ ਦੇ ਸਮੇਂ 'ਚ ਸੂਬੇ ਅੰਦਰ ਗੁੰਡਾ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬੂਰਾ ਰਾਜ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਗਰੀਬ ਲੋਕਾਂ ਦੀ ਸਾਰ ਲੈਂਦਾ ਸੀ, ਪਰ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ। ਢਿੱਲੋਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਅਕਾਲੀ ਦਲ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ 'ਚ ਮੁਲਜ਼ਮ ਕਾਂਗਰਸੀ ਆਗੂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਅਖਿਆ ਕਿ ਨਾ ਤਾਂ ਸੂਬੇ 'ਚ ਵਿਕਾਸ ਹੋ ਰਿਹਾ ਹੈ ਅਤੇ ਨਾਂ ਹੀ ਕਿਸੇ ਗਰੀਬ ਨੂੰ ਸੁਵਿਧਾਵਾਂ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਪੈਟਰੋਲ ਪੰਪ ਮਾਲਿਕ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੂਬੇ 'ਚ ਮਹਿੰਗਾਈ ਇਨ੍ਹੀਂ ਕੁ ਵੱਧਾ ਦਿੱਤੀ ਗਈ ਹੈ ਕਿ ਹਰ ਵਰਗ ਦੇ ਲੋਕ ਪਰੇਸ਼ਾਨ ਹਨ। ਅਗਲੀ ਚੋਣਾਂ ਦੌਰਾਨ ਕਾਂਗਰਸ ਸਰਕਾਰ ਦੇ ਮੁੜ ਸੱਤਾ 'ਚ ਆਉਣ ਦੀ ਕੋਈ ਉਮੀਦ ਨਹੀਂ ਹੈ, ਕਿਉਂਕਿ ਲੋਕਾਂ ਨਾਲ ਕੀਤੇ ਵਾਅਦੇ ਉਹ ਪੂਰੇ ਨਹੀਂ ਕਰ ਸਕੀ।
ਪੀੜਤਾ ਦੇ ਬਿਆਨਾਂ ਮੁਤਾਬਕ ਉਸ ਦੇ ਪਿਤਾ ਦਿਹਾੜੀ ਕਰਦੇ ਹਨ। ਪੀੜਤਾ ਦੇ ਪਿਤਾ ਪਿੰਡ ਰਾਏਪੁਰ ਬੇਟ ਦੇ ਇੱਕ ਬਲਾਕ ਸਮਿਤੀ ਮੈਂਬਰ ਦੇ ਘਰ ਦਿਹਾੜੀ ਕਰਨ ਜਾਂਦੇ ਸਨ। ਪੀੜਤਾ ਮੁਤਾਬਕ ਅਕਸਰ ਉਹ ਕਾਂਗਰਸੀ ਆਗੂ ਉਸ ਦੇ ਪਿਤਾ ਤੋਂ ਮਿਹਨਤ-ਮਜ਼ਦੂਰੀ ਤਾਂ ਕਰਾ ਲੈਂਦਾ ਸੀ, ਪਰ ਉਨ੍ਹਾਂ ਨੂੰ ਸਮੇਂ ਸਿਰ ਪੈਸੇ ਨਹੀਂ ਦਿੰਦਾ ਸੀ। ਜਦ ਪੀੜਤਾ ਦੇ ਪਿਤਾ ਉਸ ਕੋਲੋਂ ਪੈਸੇ ਮੰਗਣ ਗਏ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਘਰ ਪਹੁੰਚਣ 'ਤੇ ਜਦ ਪੀੜਤਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਆਪਣੀ ਮਾਂ ਨਾਲ ਇਸ ਬਾਰੇ ਗੱਲ ਕਰਨ ਉਕਤ ਆਗੂ ਦੇ ਘਰ ਪੁੱਜੀ। ਉਥੇ ਪੀੜਤਾ ਨੂੰ ਉਸ ਦੀ ਮਾਂ ਸਣੇ ਬੰਧਕ ਬਣਾ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਦੇ ਕਪੜੇ ਵੀ ਫਾੜੇ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਉੱਤੇ ਪੁਲਿਸ ਵੱਲੋਂ 2 ਹਜ਼ਾਰ ਰੁਪਏ ਦੇ ਕੇ ਸਮਝੌਤਾ ਕਰਨ ਦਾ ਦਬਾਅ ਵੀ ਪਾਇਆ ਗਿਆ।