ਲੁਧਿਆਣਾ: ਲੁਧਿਆਣਾ ਵਿੱਚ ਅਕਾਲੀ ਦਲ(Akali Dal leadership) ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ 'ਤੇ ਵੱਡੇ ਇਲਜ਼ਾਮ ਲਗਾਏ ਗਏ। ਇਹ ਪ੍ਰੈੱਸ ਕਾਨਫਰੰਸ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਅਤੇ ਸੀਨੀਅਰ ਆਗੂਆਂ ਵੱਲੋਂ ਕੀਤੀ ਗਈ।
ਇਸ ਦੌਰਾਨ ਅਕਾਲੀ ਦਲ ਦੇ ਆਗੂਆਂ ਨੇ ਲੁਧਿਆਣਾ ਵਿੱਚ ਬੀਤੇ ਦਿਨੀਂ ਹੋਏ ਬੰਬ ਧਮਾਕੇ ਵਿੱਚ ਅਤੇ ਸ੍ਰੀ ਹਰਿਮੰਦਰ ਸਾਹਿਬ 'ਚ ਹੋਈ ਬੇਅਦਬੀ ਲਈ ਕਾਂਗਰਸ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਪੂਰੇ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ।
ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਚ ਹੋਈ ਬੇਅਦਬੀ ਦੇ ਮਾਮਲੇ ਵਿੱਚ ਪੁਲਿਸ ਹਾਲੇ ਤੱਕ ਮੁਲਜ਼ਮ ਦੀ ਸ਼ਨਾਖਤ ਤੱਕ ਨਹੀਂ ਕਰਵਾਈ। ਜਦੋਂ ਕਿ ਲੁਧਿਆਣਾ ਦੇ ਵਿੱਚ ਧਮਾਕੇ ਕਰਨ ਵਾਲੇ ਦੀ ਦੋ ਦਿਨ ਅੰਦਰ ਸ਼ਨਾਖ਼ਤ ਹੋ ਜਾਂਦੀ ਹੈ। ਗਰੇਵਾਲ ਨੇ ਕਿਹਾ ਕਿ ਪਹਿਲਾਂ ਵੀ ਕਾਂਗਰਸ ਬੇਅਦਬੀਆਂ ਦੇ ਮੁੱਦੇ 'ਤੇ ਸਿਆਸਤ ਕਰਦੀ ਆਈ ਹੈ ਅਤੇ ਹੁਣ ਮੁੜ ਤੋਂ ਉਨ੍ਹਾਂ ਵੱਲੋਂ ਇਹ ਪੂਰਾ ਖੇਡ ਰਚਿਆ ਗਿਆ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕੋਈ ਬੇਅਦਬੀ ਮਾਮਲੇ 'ਤੇ ਕਿਸੇ ਦਾ ਧਿਆਨ ਨਾ ਜਾਵੇ, ਇਸ ਕਰਕੇ ਲੁਧਿਆਣੇ ਦੇ ਅੰਦਰ ਧਮਾਕੇ ਕਰਵਾਏ ਜਾਂਦੇ ਹਨ।
ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉੱਧਰ ਮਹੇਸ਼ ਇੰਦਰ ਗਰੇਵਾਲ ਨੇ ਵੀ ਕਿਹਾ ਕਿ ਆਤਮ ਨਗਰ ਹਲਕੇ ਵਿੱਚ ਜਾਅਲੀ ਵੋਟਾਂ ਬਣਾਈਆਂ ਜਾ ਰਹੀਆਂ ਹਨ ਜਿਸ ਸਬੰਧੀ ਅਕਾਲੀ ਦਲ ਦਾ ਇਕ ਵਫ਼ਦ ਚੋਣ ਕਮਿਸ਼ਨ ਨੂੰ ਮਿਲ ਕੇ ਆਇਆ ਸੀ ਅਤੇ ਉਸ ਤੋਂ ਕਈ ਵੱਡੇ ਖੁਲਾਸੇ ਹੋਏ ਹਨ।
ਜਦੋਂ ਕਿ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਤਮ ਨਗਰ ਤੋਂ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਇਸ ਪੂਰੇ ਬੰਬ ਧਮਾਕੇ ਮਾਮਲੇ ਵਿੱਚ ਬੈਂਸ ਦੇ ਪੱਖ ਤੋਂ ਵੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਉਸ ਦਿਨ ਜਦੋਂ ਧਮਾਕਾ ਹੋਇਆ ਸਿਮਰਜੀਤ ਬੈਂਸ ਦੀ ਅਦਾਲਤ ਵਿੱਚ ਬਲਾਤਕਾਰ ਮਾਮਲੇ ਵਿੱਚ ਸੁਣਵਾਈ ਸੀ।
ਕਾਂਗਰਸ ਪਹਿਲਾਂ ਤੋਂ ਹੀ ਸਿਮਰਜੀਤ ਬੈਂਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਿਸ ਨੂੰ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਬਲਾਸਟ ਹੁੰਦਾ ਹੈ ਉਦੋਂ ਲੋਕ ਇਨਸਾਫ਼ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਬਲਵਿੰਦਰ ਬੈਂਸ ਅਦਾਲਤ ਦੇ ਨੇੜੇ ਤੇੜੇ ਹੀ ਸਨ ਅਤੇ ਦੁਪਹਿਰ 12 ਵਜੇ ਤੋਂ ਬਾਅਦ ਸਾਰੇ ਹੀ ਚਲੇ ਜਾਂਦੇ ਹਨ।
ਜਿਸ ਤੋਂ ਥੋੜ੍ਹੀ ਦੇਰ ਬਾਅਦ ਹੀ ਧਮਾਕਾ ਹੋ ਜਾਂਦਾ ਹੈ ਉਨ੍ਹਾਂ ਕਿਹਾ ਕਿ ਬੈਂਸ ਦੀ ਵੀ ਇਸ ਪੂਰੇ ਮਾਮਲੇ ਵਿੱਚ ਜਾਂਚ ਹੋਣੀ ਚਾਹੀਦੀ ਹੈ। ਆਖਿਰਕਾਰ ਮੁਲਜ਼ਮ ਧਮਾਕਾ ਸਮੱਗਰੀ ਕਿੱਥੋਂ ਲੈ ਕੇ ਆਇਆ, ਇੱਥੇ ਤੱਕ ਪਹੁੰਚਾਣ ਵਿੱਚ ਉਸ ਦੀ ਕਿਸ ਨੇ ਮੱਦਦ ਕੀਤੀ। ਹੋਟਲ ਵਿੱਚ ਕਿਉਂ ਗਿਆ। ਕਿਸ ਦੀ ਗੱਡੀ ਇਸਤੇਮਾਲ ਕੀਤੀ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: Punjab Assembly Election 2022: ਕੀ ਓਮੀਕਰੋਨ ਦੇ ਵੱਧ ਰਹੇ ਮਾਮਲੇ ਚੋਣਾਂ 'ਚ ਪਾ ਸਕਦੇ ਨੇ ਵਿਘਨ ?