ਲੁਧਿਆਣਾ: ਬੰਦੀ ਸਿੰਘ ਰਿਹਾਈ ਮੋਰਚਾ ਵੱਲੋਂ ਬੀਤੇ ਦਿਨੀਂ ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਵੱਲੋਂ ਸਾਂਝੇ ਤੌਰ ਤੇ ਚੋਣ ਲੜਨ ਦੀ ਅਪੀਲ ਕੀਤੀ ਗਈ ਸੀ ਜਿਸਤੋਂ ਬਾਅਦ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ, ਪਰ ਹੁਣ ਅੱਜ ਅਕਾਲੀ ਦਲ ਦਾ ਵਫ਼ਦ ਕਮਲਦੀਪ ਕੌਰ ਨੂੰ ਮਿਲਣ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਲੁਧਿਆਣਾ ਪਹੁੰਚੇ ਇਸ ਦੌਰਾਨ ਕੋਰ ਕਮੇਟੀ ਦੇ ਮੈਂਬਰ ਸਿਕੰਦਰ ਸਿੰਘ ਮਲੂਕਾ ਵਿਰਸਾ ਸਿੰਘ ਵਲਟੋਹਾ ਸ਼ਰਨਜੀਤ ਸਿੰਘ ਢਿੱਲੋਂ ਦੇ ਨਾਲ ਹੋਰ ਵੀ ਲੀਡਰ ਮੌਜੂਦ ਰਹੇ ਜਿਨ੍ਹਾਂ ਨੇ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੂੰ ਸੰਗਰੂਰ ਜ਼ਿਮਨੀ ਚੋਣ ਲੜਨ ਦੀ ਅਪੀਲ ਕੀਤੀ।
ਸਿਮਰਨਜੀਤ ਸਿੰਘ ਮਾਨ ਨੂੰ ਮਨਾਉਣ ਦੀ ਕਹੀ ਗੱਲ: ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸਿਮਰਨਜੀਤ ਸਿੰਘ ਮਾਨ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਵੀ ਇਸ ਸੰਬੰਧੀ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਰਫ ਸਿਮਰਨਜੀਤ ਸਿੰਘ ਮਾਨ ਹੀ ਨਹੀਂ ਸਗੋਂ ਅਸੀਂ ਸਾਰੀਆਂ ਹੀ ਪਾਰਟੀਆਂ ਨੂੰ ਹੀ ਬੇਨਤੀ ਕਰਦੇ ਹਾਂ ਕਿ ਸਰਬਸੰਮਤੀ ਦੇ ਨਾਲ ਕਮਲਦੀਪ ਕੌਰ ਨੂੰ ਚੁਣ ਕੇ ਸੰਗਰੂਰ ਜ਼ਿਮਨੀ ਚੋਣ ਤੋਂ ਲੋਕ ਸਭਾ ਭੇਜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਸਾਰੀ ਪਾਰਟੀਆਂ ਨੂੰ ਇਸ ਵਿਚ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੱਡਾ ਹੈ।
ਇਹ ਵੀ ਪੜੋ: ਅੱਠਵੀਂ ਜਮਾਤ ਦੇ ਟੌਪਰ ਮਨਪ੍ਰੀਤ ਦੀ ਅਗਲੇਰੀ ਪੜ੍ਹਾਈ ਦਾ ਖਰਚਾ ਚੁੱਕੇਗੀ ਇਹ ਸੰਸਥਾ
ਕਮਲਦੀਪ ਕੌਰ ਦਾ ਜਵਾਬ: ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਮੁੜ ਤੋਂ ਹੀ ਜਵਾਬ ਦਿੱਤਾ ਹੈ ਕਿ ਉਹ ਰਾਜੋਆਣਾ ਦੇ ਨਾਲ ਜੇਲ੍ਹ ਚ ਮੁਲਾਕਾਤ ਕਰ ਕੇ ਇਸ ਤੇ ਆਖ਼ਰੀ ਫ਼ੈਸਲਾ ਲੈਣਗੇ ਹਾਲਾਂਕਿ ਬੀਤੇ ਦਿਨੀਂ ਉਨ੍ਹਾਂ ਨੇ ਖੁਦ ਹੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਸੀ ਕਿ ਉਹ ਜ਼ਿਮਨੀ ਚੋਣ ਲੜਨ ਚ ਸਮਰੱਥ ਨੇ ਕਿਉਂਕਿ ਬੰਦੀ ਸਿੰਘ ਪਰਿਵਾਰਾਂ ਦੇ ਪਰਿਵਾਰਾਂ ਤੋਂ ਉਹ ਸਬੰਧਤ ਹੈ ਇਸ ਕਰਕੇ ਉਨ੍ਹਾਂ ਵਿੱਚ ਇੰਨੀ ਸਮਰੱਥਾ ਨਹੀਂ ਕਿ ਉਹ ਚੋਣ ਲੜ ਸਕਣ ਉੱਥੇ ਹੀ ਅੱਜ ਅਕਾਲੀ ਦਲ ਦੇ ਲੀਡਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜ਼ਰੂਰ ਇਸ ਬਾਰੇ ਹੁਣ ਰਾਜੋਆਣਾ ਨਾਲ ਜੇਲ੍ਹ ਚ ਮੁਲਾਕਾਤ ਕਰਨਗੇ ਅਤੇ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲੈਣਗੇ
ਸਿੱਧੂ ਮੂਸੇ ਵਾਲੇ ਦੇ ਪਿਤਾ ਤੇ ਚੁੱਪੀ: ਉੱਧਰ ਦੂਜੇ ਪਾਸੇ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸਰਬਸੰਮਤੀ ਨਾਲ ਚੁਣ ਕੇ ਲੋਕ ਸਭਾ ਭੇਜਣ ਦੇ ਚਰਚੇ ਵੀ ਚੱਲ ਰਹੇ ਨੇ ਕਈ ਬੁੱਧੀਜੀਵੀਆਂ ਅਤੇ ਆਗੂਆਂ ਨੇ ਇਹ ਗੱਲ ਵੀ ਸਾਰੀਆਂ ਪਾਰਟੀਆਂ ਦੇ ਅੱਗੇ ਰੱਖੀ ਹੈ, ਕਿਉਂਕਿ ਬੀਤੇ ਦਿਨੀਂ ਮੂਸੇਵਾਲੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਸੰਬੰਧੀ ਜਦੋਂ ਅਕਾਲੀ ਦਲ ਦੇ ਲੀਡਰਾਂ ਨੂੰ ਸਵਾਲ ਕੀਤਾ ਗਿਆ ਤਾਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕੋਈ ਅਜਿਹੀ ਚਰਚਾ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਇਸ ਮੁੱਦੇ ਤੇ ਹੀ ਗੱਲ ਕਰਨੀ ਹੈ ਅਤੇ ਇਹ ਮੁੱਦਾ ਵੀ ਬਹੁਤ ਵੱਡਾ ਹੈ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਕੋਈ ਉਮੀਦਵਾਰ ਹੋਣਾ ਚਾਹੀਦਾ ਹੈ।
ਆਪ ਨੇ ਖੜ੍ਹਾ ਕੀਤਾ ਕਮਜੋਰ ਉਮੀਦਵਾਰ-ਅਕਾਲੀ ਦਲ: ਉਧਰ ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਸੰਗਰੂਰ ਤੋਂ ਜ਼ਿਲ੍ਹਾ ਪ੍ਰਧਾਨ ਨੂੰ ਆਪਣਾ ਉਮੀਦਵਾਰ ਐਲਾਨਣ ਦੇ ਮਾਮਲੇ ਤੇ ਵੀ ਅਕਾਲੀ ਦਲ ਦੇ ਲੀਡਰਾਂ ਨੇ ਬੋਲਦਿਆਂ ਹੋਇਆਂ ਕਿਹਾ ਕਿ ਇਹ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਸੰਗਰੂਰ ਜ਼ਿਮਨੀ ਚੋਣ ਦੇ ਵਿਚ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ, ਇਹੀ ਕਾਰਨ ਹੈ ਕਿ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਤਾਂ ਕਿ ਭਗਵੰਤ ਮਾਨ ਆਪਣੇ ਆਪ ਨੂੰ ਬਚਾ ਸਕਣ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਭਗਵੰਤ ਮਾਨ ਦੀ ਭੈਣ ਤੇ ਉਥੋਂ ਖੜੇ ਹੋਣ ਦੀ ਚਰਚਾ ਚੱਲ ਰਹੀ ਸੀ ਇਥੋਂ ਤੱਕ ਕਿ ਉਸ ਦੇ ਪੋਸਟਰ ਤੱਕ ਲੱਗ ਗਏ ਸਨ ਪਰ ਮੂਸੇਵਾਲੇ ਦੇ ਕਤਲ ਤੋਂ ਬਾਅਦ ਆਮ ਆਦਮੀ ਪਾਰਟੀ ਬੈਕਫੁੱਟ ਤੇ ਆਈ ਹੈ ਇਸ ਕਰਕੇ ਹੀ ਉਨ੍ਹਾਂ ਵੱਲੋਂ ਉਥੇ ਜ਼ਿਲ੍ਹਾ ਪ੍ਰਧਾਨ ਨੂੰ ਉਮੀਦਵਾਰ ਉਤਾਰਿਆ ਗਿਆ।
ਚੋਣਾਂ ਚ ਅਕਾਲੀ ਦਲ ਦਾ ਗ੍ਰਾਫ ਡਿੱਗਣ ਤੇ ਕੀ ਕਿਹਾ: ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਜਦੋਂ ਇਸ ਸੰਬੰਧੀ ਸਵਾਲ ਕੀਤਾ ਗਿਆ ਕਿ ਹੁਣ ਉਹ ਇਕਜੁੱਟ ਹੋ ਕੇ ਪੰਥਕ ਉਮੀਦਵਾਰ ਖੜ੍ਹਾ ਕਰਨ ਦੀ ਗੱਲ ਕਰ ਰਹੇ ਨੇ ਕਿ ਇਸ ਦਾ ਵੱਡਾ ਕਾਰਨ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਦਾ ਗਰਾਫ਼ ਡਿੱਗਣਾ ਹੀ ਹੈ ਤਾਂ ਉਨ੍ਹਾਂ ਨੇ ਇਸ ਮਾਮਲੇ ਤੇ ਬਿਆਨ ਦਿੰਦਿਆਂ ਕਿਹਾ ਕਿ ਅਜਿਹੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਗੱਲ ਦਾ ਘੁਮੰਡ ਨਹੀਂ ਕਰਨਾ ਚਾਹੀਦਾ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਚ ਜਦੋਂ ਆਮ ਆਦਮੀ ਪਾਰਟੀ ਦੇ ਜਿੱਤਣ ਦੀ ਗੱਲ ਆਖੀ ਜਾ ਰਹੀ ਸੀ ਉਦੋਂ ਕਾਂਗਰਸ ਵੱਡੇ ਮਾਰਜਨ ਨਾਲ ਜਿੱਤੀ ਸੀ ਉੱਥੇ ਹੀ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਹਿੰਸਾ ਤਕ ਲੈਣ ਤੋਂ ਵੀ ਗੁਰੇਜ਼ ਕਰ ਰਹੀ ਸੀ ਉਸ ਸਮੇਂ ਆਮ ਆਦਮੀ ਪਾਰਟੀ ਬਹੁਤ ਪਿੱਛੇ ਚੱਲ ਰਹੀ ਸੀ ਪਰ ਫਿਰ ਵੀ 2022 ਦੇ ਵਿੱਚ ਉਨ੍ਹਾਂ ਨੂੰ ਵੱਡੀ ਜਿੱਤ ਮਿਲੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਉਪਰਾਲੇ ਕਰ ਰਿਹਾ ਹੈ।
ਰਵਨੀਤ ਬਿੱਟੂ ‘ਤੇ ਸਵਾਲ: ਉੱਧਰ ਦੂਜੇ ਪਾਸੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਲਗਾਤਾਰ ਰਾਜੋਆਣਾ ਦੀ ਰਿਹਾਈ ਦਾ ਕੀਤੇ ਜਾ ਰਹੇ ਵਿਰੋਧ ਨੂੰ ਲੈ ਕੇ ਵੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਦੋਂ ਸਰਕਾਰ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਮੁਆਫ਼ ਕਰ ਸਕਦੀ ਹੈ ਉਸ ਨੂੰ ਜੇਲ੍ਹ ਚੋਂ ਰਿਹਾਅ ਕਰ ਸਕਦੀ ਹੈ ਤਾਂ ਫਿਰ ਰਵਨੀਤ ਬਿੱਟੂ ਨੂੰ ਕੀ ਪ੍ਰੇਸ਼ਾਨੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰੀ ਕਾਂਗਰਸ ਹੀ ਨਹੀਂ ਸਗੋਂ ਸਾਰੀਆਂ ਪਾਰਟੀਆਂ ਚਾਹੁੰਦੀਆਂ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਕਿਉਂਕਿ ਉਹ ਜੇਲ੍ਹਾਂ ਵਿਚ ਤਸ਼ੱਦਦ ਦਾ ਸ਼ਿਕਾਰ ਹੁੰਦੇ ਰਹੇ ਨੇ ਕਈ ਮਾਨਸਿਕ ਤੌਰ ਤੇ ਵੀ ਬੀਮਾਰ ਨੇ ਪਰ ਸਿਰਫ਼ ਇਕੱਲੇ ਰਵਨੀਤ ਬਿੱਟੂ ਹੀ ਹਨ ਜੋ ਇਸ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਕੇਸ : ਪੁਲਿਸ ਨੇ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ, ਜਾਣੋ ਕੌਣ ਹਨ ਇਹ ਸ਼ੂਟਰ...