ਲੁਧਿਆਣਾ: ਸ਼ਹਿਰ ਦੇ ਰਾਹੋਂ ਰੋਡ 'ਤੇ ਥਾਣਾ ਟਿੱਬਾ ਦੇ ਅਧੀਨ ਆਉਂਦੇ ਜਗੀਰਪੁਰ ਨੇੜੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਗੁੱਟਾਂ ਵਿੱਚ ਹੋਈ ਲੜਾਈ ਦੇ ਦੌਰਾਨ ਗੋਲੀਆਂ ਚੱਲੀਆਂ। ਇਸ ਦੌਰਾਨ ਇੱਕ ਗੁਟ ਵੱਲੋਂ ਦੂਜੇ ਗੁੱਟ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਝਗੜੇ ਦਾ ਕਾਰਨ ਪੁਰਾਣੀ ਕੋਈ ਰੰਜਿਸ਼ ਦੱਸਿਆ ਜਾ ਰਿਹਾ ਹੈ। ਲੜਾਈ ਦੌਰਾਨ ਐਕਟਿਵਾ ਸਵਾਰ 'ਤੇ ਗੋਲੀਆਂ ਚਲਾਈਆਂ ਗਈਆਂ ਸਨ ਪਰ ਉਹ ਵਾਲ-ਵਾਲ ਬਚ ਗਏ ਗੋਲੀਆਂ ਚਲਾਏ ਜਾਣ ਦੀ ਇਹ ਸਾਰੀ ਘਟਨਾ ਦੀ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਗੋਲੀ ਦਾ ਛਰਲਾ ਵੱਜਣ ਕਾਰਨ ਇੱਕ ਮਹਿਲਾ ਜ਼ਖਮੀ ਹੋ ਗਈ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੋਲੀ ਦਾ ਛਰਲਾ ਲੱਗਣ ਨਾਲ ਜ਼ਖ਼ਮੀ ਹੋਈ ਮਹਿਲਾ ਨੇ ਦੱਸਿਆ ਕਿ ਦੋ ਧਿਰਾਂ ਵਿਚਾਲੇ ਝਗੜਾ ਹੋ ਰਿਹਾ ਸੀ ਤਾਂ ਇੱਕ ਧਿਰ ਵੱਲੋਂ ਐਕਟਿਵਾ ਸਵਾਰ ਦੂਜੀ ਧਿਰ 'ਤੇ ਗੋਲੀ ਚਲਾ ਦਿੱਤੀ ਗਈ। ਐਕਟਿਵਾ ਸਵਾਰ ਤਾਂ ਵਾਲ ਵਾਲ ਬਚ ਗਏ ਪਰ ਕੀਤੇ ਗਏ ਫਾਇਰ ਦਾ ਇੱਕ ਛਰਲਾ ਉਸ ਨੂੰ ਲੱਗ ਗਿਆ। ਹਾਲਾਂਕਿ ਮਹਿਲਾ ਨੂੰ ਜਿਆਦਾ ਸੱਟ ਤਾਂ ਨਹੀਂ ਲੱਗੀ, ਪਰ ਵੱਡਾ ਹਾਦਸਾ ਹੋਣੋਂ ਟਲਿਆ।
ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿਸ ਵੱਲੋਂ ਅਤੇ ਕਿਉਂ ਚਲਾਈ ਗਈ। ਪੁਲਿਸ ਨੇ ਕਿਹਾ ਕਿ ਜੋ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਦੇ ਮੁਤਾਬਕ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਅਤੇ ਦੋਵੇਂ ਗੁੱਟ ਪਹਿਲਾ ਵੀ ਆਮਣੇ-ਸਾਹਮਣੇ ਹੋ ਚੁੱਕੇ ਹਨ।