ਲੁਧਿਆਣਾ : ਸ਼ਹਿਰ ਦੇ ਬਸਤੀ ਜੋਧੇਵਾਲ ਵਿਖੇ ਇੱਕ ਵੱਡੀ ਵਾਰਦਾਤ ਹੋਣ ਦੀ ਖ਼ਬਰ ਹੈ। ਇਥੇ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਨਕਲੀ ਕਿੰਨਰ ਬਣ ਕੇ ਇਕਾਂਤਵਾਸ 'ਚ ਰਹਿਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।
ਇਹ ਪੂਰਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬਸਤੀ ਜੋਧੇਵਾਲ ਦੀ ਕ੍ਰਿਸ਼ਨਾ ਕਲੋਨੀ 'ਚ ਇਕਾਂਤਵਾਸ ਵਿੱਚ ਰਹਿ ਰਹੇ ਪੁਲਿਸ ਮੁਲਾਜ਼ਮ ਦੇਰ ਰਾਤ ਡਿਊਟੀ ਤੋਂ ਵਾਪਸ ਪਰਤੇ। ਇੱਕ ਪੁਲਿਸ ਮੁਲਾਜ਼ਮ ਨੇ ਜਦ ਪੀਣ ਲਈ ਪਾਣੀ ਲਿਆ ਤਾਂ ਉਸ ਨੇ ਪਾਣੀ 'ਚ ਬਦਬੂ ਮਹਿਸੂਸ ਕੀਤੀ।
ਪੁਲਿਸ ਮੁਲਾਜ਼ਮ ਨੇ ਇਸ ਦੀ ਸੂਚਨਾ ਸਥਾਨਕ ਥਾਣੇ ਵਿੱਚ ਕੀਤੀ। ਸ਼ੱਕ ਦੇ ਚਲਦੇ ਪੁਲਿਸ ਮੁਲਾਜ਼ਮਾਂ ਨੇ ਜਦ ਇਲਾਕਾ ਵਾਸੀਆਂ ਤੋਂ ਪੁੱਛਗਿੱਛ ਕੀਤੀ ਤਾਂ ਤਿੰਨ ਨੌਜਵਾਨਾਂ ਵੱਲੋਂ ਇਕਾਂਤਵਾਸ ਕੇਂਦਰ ਦੀ ਪਾਣੀ ਦੀ ਟੈਂਕੀ 'ਤੇ ਚੜ੍ਹਨ ਬਾਰੇ ਪਤਾ ਲੱਗਾ। ਪੁਲਿਸ ਨੇ ਮੌਕੇ 'ਤੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਸਤੀ ਜੋਧੇਵਾਲ ਦੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਗਨਮੈਨ, ਸਬ- ਇੰਸਪੈਕਟਰ ਤੇ ਹੋਰ ਦੋ ਪੁਲਿਸ ਮੁਲਾਜ਼ਮਾਂ ਨੂੰ ਕੋਵਿਡ-19 ਤੋਂ ਬਚਾਅ ਲਈ ਬਸਤੀ ਜੋਧੇਵਾਲ ਦੀ ਕ੍ਰਿਸ਼ਨਾ ਕਲੋਨੀ ਦੇ ਇੱਕ ਘਰ 'ਚ ਇਕਾਂਤਵਾਸ ਲਈ ਰੱਖਿਆ ਗਿਆ ਸੀ। ਮੁਲਜ਼ਮਾਂ ਨੇ ਸਾਲ 2019 'ਚ ਅਪਰਾਧਿਕ ਘਟਨਾਵਾਂ ਦੇ ਮਾਮਲੇ 'ਚ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰਨ ਦੇ ਚਲਦੇ ਬਦਲੇ ਦੀ ਭਾਵਨਾ ਕਰਕੇ ਅਜਿਹੀ ਘਟਨਾ ਨੂੰ ਅੰਜ਼ਾਮ ਦਿੱਤਾ।
ਉਨ੍ਹਾਂ ਦੱਸਿਆ ਕਿ ਡਾਕਟਰੀ ਜਾਂਚ 'ਚੋਂ ਇਹ ਗੱਲ ਸਾਹਮਣੇ ਆਈ ਹੈ ਕਿ ਤਿੰਨੋਂ ਮੁਲਜ਼ਮ ਪੁਰਸ਼ ਹਨ ਤੇ ਉਹ ਨਕਲੀ ਕਿੰਨਰ ਬਣ ਕੇ ਇਸ ਘਟਨਾ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਵਿਰੁੱਧ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।