ਜਲੰਧਰ: ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਪੈਂਦੇ ਰਸਤਾ ਮੁਹੱਲਾ ਵਿੱਚ ਇੱਕ ਮਹਿਲਾ ਨੇ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਮਹਿਲਾ ਆਸਿਦਾ ਦੇ ਪਤੀ ਲਤੀਫ ਨੇ ਦੱਸਿਆ ਕਿ 3 ਸਾਲ ਪਹਿਲੇ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ।
ਲਤੀਫ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦੀ ਮਾਤਾ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਪੈਸਿਆਂ ਦੀ ਲੋੜ ਹੈ, ਸਵੇਰੇ ਉਹ ਪੈਸੇ ਕਢਵਾ ਕੇ ਆਪਣੀ ਮਾਤਾ ਨੂੰ ਭੇਜਣ ਦੇ ਲਈ ਜਾਣ ਲੱਗਾ ਤਾਂ ਉਸ ਦੀ ਪਤਨੀ ਨੇ ਇਸ ਗੱਲ ਨੂੰ ਲੈ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਲਤੀਫ ਨੇ ਦੱਸਿਆ ਕਿ ਉਸ ਦੀ ਪਤਨੀ ਚਾਹੁੰਦੀ ਸੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਪੈਸੇ ਨਾ ਭੇਜੇ। ਇਸ ਗੱਲ ਨੂੰ ਲੈ ਕੇ ਦੋਵਾਂ ਵਿੱਚ ਕਾਫੀ ਬਹਿਸ ਹੋਈ ਸੀ।
ਉਨ੍ਹਾਂ ਦੱਸਿਆ ਕਿ ਗੁੱਸੇ ਵਿੱਚ ਆਈ ਆਸਿਦਾ ਨੇ ਉਸ 'ਤੇ ਛੁਰੀ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਜਦੋਂ ਮਾਮਲਾ ਸ਼ਾਂਤ ਹੋਇਆ ਤਾਂ ਆਸਿਦਾ ਸਬਜ਼ੀ ਬਣਾਉਣ ਲੱਗ ਪਈ ਅਤੇ ਲਤੀਫ ਪੈਸੇ ਲੈ ਕੇ ਘਰ ਤੋਂ ਬਾਹਰ ਚਲਾ ਗਿਆ। ਲਤੀਫ਼ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਸ ਦੀ ਘਰਵਾਲੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਉਹ ਮੌਕੇ 'ਤੇ ਪੁੱਜਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਆਈ ਅਮਨਦੀਪ ਕੌਰ ਨੇ ਦੱਸਿਆ ਕਿ ਪੈਸੇ ਦੇ ਕਾਰਨ ਦੋਹਾਂ ਪਤੀ ਪਤਨੀ ਦਾ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਮਹਿਲਾ ਨੇ ਫਾਹਾ ਲਾ ਲਿਆ।