ਜਲੰਧਰ: ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਪੰਜਾਬ ਸਰਕਾਰ ਨੇ ਕਰਫਿਊ ਲਗਾਇਆ ਹੋਇਆ ਹੈ। ਇਸ ਕਾਰਨ ਲਗਭਗ ਸੂਬੇ ਦੀ ਸਨਅਤ ਬੰਦ ਹੈ। ਪੰਜਾਬ ਵਿੱਚ ਦੂਜੇ ਸੂਬਿਆਂ ਤੋਂ ਆਏ ਮਜ਼ਦੂਰ ਹੁਣ ਇਸ ਸਕੰਟ ਕਾਰਨ ਵਾਪਸ ਪਰਤਣੇ ਸ਼ੁਰੂ ਹੋ ਚੁੱਕੇ ਹਨ। ਇਸ ਕਾਰਨ ਜਿੱਥੇ ਸਮੁੱਚੀ ਸਨਅਤ ਨੂੰ ਸੱਟ ਵੱਜੀ ਹੈ, ਉੱਥੇ ਇਸ ਦਾ ਅਸਰ ਪੰਜਾਬ ਹੀ ਨਹੀਂ ਦੇਸ਼ ਦੀ ਖੇਡ ਸਨਅਤ 'ਤੇ ਵੀ ਪੈਣਾ ਸ਼ੁਰੂ ਹੋ ਚੁੱਕਿਆ ਹੈ।
ਜਲੰਧਰ ਸਥਿਤ ਖੇਡ ਸਨਅਤ 'ਤੇ ਇਸ ਦੀ ਮਾਰ ਪੈਣ ਲਗੀ ਹੈ। ਖੇਡ ਸਨਅਤਕਾਰਾਂ ਨੇ ਮਜ਼ਦੂਰਾਂ ਦੀ ਵਾਪਸੀ 'ਤੇ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਕੰਟ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ। ਇਸੇ ਦੌਰਾਨ ਜੇਕਰ ਮਜ਼ਦੂਰ ਨਾ ਰਹੇ ਤਾਂ ਉਨ੍ਹਾਂ ਦੀ ਸਨਅਤ ਕਈ ਵਰ੍ਹੇ ਤੱਕ ਮੁੜ ਆਪਣੇ ਪੈਰਾ 'ਤੇ ਨਹੀਂ ਆ ਸਕੇਗੀ।
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਛੋਟੀਆਂ ਵੱਡੀਆਂ ਖੇਡ ਇਕਾਈਆਂ ਮਿਲਾ ਕੇ ਕਰੀਬ ਤਿੰਨ ਹਜ਼ਾਰ ਹਨ। ਇਨ੍ਹਾਂ ਖੇਡ ਇਕਾਈਆਂ 'ਤੇ ਕਰੀਬ ਚਾਰ ਲੱਖ ਲੋਕ ਵੱਖ-ਵੱਖ ਤਰੀਕੇ ਨਾਲ ਨਿਰਭਰ ਕਰਦੇ ਹਨ। ਅੱਜ ਹਾਲਾਤ ਇਹ ਨੇ ਕਿ ਕਰੀਬ ਚਾਰ ਲੱਖ ਪਰਿਵਾਰਾਂ ਦਾ ਢਿੱਡ ਭਰਨ ਵਾਲੇ ਇਹ ਖੇਡ ਸਨਅਤਕਾਰ ਖੁਦ ਆਪ ਆਰਥਿਕ ਤੌਰ 'ਤੇ ਬੇਹੱਦ ਕਮਜ਼ੋਰ ਹੋ ਗਏ ਹਨ।
ਸਰਕਾਰ ਵੱਲੋਂ ਜਿਨ੍ਹਾਂ ਉਦਯੋਗਾਂ ਨੂੰ ਕਰਫਿਊ ਵਿੱਚ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਉਨ੍ਹਾਂ ਵਿੱਚ ਖੇਡ ਉਦਯੋਗ ਸ਼ਾਮਿਲ ਨਹੀਂ ਹਨ। ਇਹੀ ਕਾਰਨ ਹੈ ਕਿ ਜਲੰਧਰ ਦਾ ਖੇਡ ਉਦਯੋਗ ਅੱਜ ਪੂਰੀ ਤਰ੍ਹਾਂ ਨਾਲ ਬੰਦ ਹੈ ਅਤੇ ਇਸ ਦੇ ਚੱਲਦੇ ਇਸ ਉਦਯੋਗ ਤੋਂ ਆਪਣੀ ਰੋਜ਼ੀ-ਰੋਟੀ ਚਲਾਉਣ ਵਾਲੇ ਉਦਯੋਗਪਤੀ ਅਤੇ ਮਜ਼ਦੂਰ ਸਭ ਮੰਦੀ ਦੀ ਮਾਰ ਝੱਲ ਰਹੇ ਹਨ।
ਹੁਣ ਹਾਲਾਤ ਇਹ ਹੋ ਗਏ ਨੇ ਕਿ ਤਲਾਬੰਦੀ ਦੇ ਚੱਲਦੇ ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਆਪਣੇ ਪਰਿਵਾਰਾਂ ਸਮੇਤ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਗਈ ਹੈ। ਇਸ ਵਿੱਚ ਘਰ ਪਰਤਣ ਵਾਲੀ ਸਭ ਤੋਂ ਜ਼ਿਆਦਾ ਮਜ਼ਦੂਰ ਦੀ ਗਿਣਤੀ ਖੇਡ ਉਦਯੋਗ ਤੋਂ ਹੈ। ਇਹੀ ਕਾਰਨ ਹੈ ਕਿ ਅੱਜ ਇਹ ਉਦਯੋਗ ਬੰਦ ਹੋਣ ਦੀ ਕਗਾਰ ਤੇ ਆ ਗਿਆ ਹਨ। ਖੇਡ ਉਦਯੋਗ ਨਾਲ ਜੁੜੇ ਅਵਿਨਾਸ਼ ਚੱਢਾ ਦਾ ਕਹਿਣਾ ਹੈ ਕਿ ਮਜ਼ਦੂਰਾਂ ਦੇ ਵਾਪਸ ਜਾਣ ਤੋਂ ਬਾਅਦ ਇਨ੍ਹਾਂ ਦੀ ਵਾਪਸ ਆਉਣ ਦੀ ਉਮੀਦ ਹੁਣ ਕਾਫੀ ਸਮੇਂ ਤੱਕ ਨਹੀਂ ਹੈ।