ਜਲੰਧਰ : ਸ਼ਹਿਰ ਦੇ ਹਰਨਾਮਪੁਰਾ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਹੋ ਗਿਆ ਜਦੋਂ ਕੁੱਝ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਇੱਕ ਨੌਜਵਾਨ ਤੇ ਉਸ ਦੇ ਪਰਿਵਾਰ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਹਾਦਸੇ 'ਚ ਇੱਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।
ਗੰਭੀਰ ਜ਼ਖਮੀ ਵਿਅਕਤੀ ਦੀ ਪਛਾਣ ਸੁੰਦਰ ਮਸੀਹ ਵਜੋਂ ਹੋਈ ਹੈ। ਜ਼ਖਮੀ ਦੀ ਪਤਨੀ ਪਰਵੀਨ ਨੇ ਦੱਸਿਆ ਕਿ ਉਹ ਬਾਬ ਦੀਪ ਨਗਰ 'ਚ ਰਹਿੰਦੇ ਹਨ। ਰਾਤ ਦੇ ਸਮੇਂ ਉਨ੍ਹਾਂ ਦਾ ਪੁੱਤਰ ਆਈਸਕ੍ਰੀਮ ਖਾਣ ਦੀ ਜ਼ਿਦ ਕਰਨ ਲੱਗਾ ਤੇ ਬਾਅਦ 'ਚ ਉਹ ਖ਼ੁਦ ਹਰਨਾਮਪੁਰਾ ਆਈਸਕ੍ਰੀਮ ਲੈਣ ਲਈ ਗਿਆ। ਉਥੇ ਕੁੱਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਬੇਟੇ ਨੂੰ ਅਪਸ਼ਬਦ ਕਹਿ ਕੇ ਪਰੇਸ਼ਾਨ ਕੀਤਾ। ਜਦੋਂ ਜੈਵਿਕ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਣ 'ਤੇ ਜੈਵਿਕ ਦੇ ਪਿਤਾ ਸੁੰਦਰ ਮਸੀਹ ਉਸ ਨੂੰ ਬਚਾਉਣ ਲਈ ਗਏ ਤਾਂ ਹਮਲਾਵਰਾਂ ਨੇ ਉਨ੍ਹਾਂ ਤੇਜ਼ਧਾਰ ਹਥਿਆਰ ਨਾਲ ਮਾਰ ਕੇ ਜ਼ਖਮੀ ਕਰ ਦਿੱਤਾ। ਪੀੜਤ ਪਰਿਵਾਰ ਇਲਾਜ ਲਈ ਹਸਪਤਾਲ ਪਹੁੰਚੇ ਤਾਂ ਹਮਲਾਵਰ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਹਸਪਤਾਲ ਪੁੱਜ ਗਏ। ਹਮਲਾਵਰਾਂ ਨੇ ਉਨ੍ਹਾਂ 'ਤੇ ਮੁੜ ਹਮਲਾ ਕੀਤਾ ਪਰ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਚਾ ਲਿਆ ਗਿਆ ਹੈ। ਪੀੜਤ ਪਰਿਵਾਰ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੇ ਏਐਸਆਈ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ। ਉਕਤ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਮੁਤਾਬਕ ਉਹ ਹਮਲਾਵਰਾਂ ਨੂੰ ਨਹੀਂ ਜਾਣਦੇ ਅਤੇ ਇਹ ਹਮਲਾ ਮਹਿਜ਼ ਛੋਟੇ ਜਿਹੇ ਝਗੜੇ ਨੂੰ ਲੈ ਕੇ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।