ਜਲੰਧਰ : ਕਸਬਾ ਫਿਲੌਰ 'ਚ ਲੁਟੇਰਿਆਂ ਵੱਲੋਂ ਹਥਿਆਰ ਵਿਖਾ ਕੇ ਭੈਣ-ਭਰਾ ਨਾਲ ਲੁੱਟ-ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ। ਪੀੜਤਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਪੀੜਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਆਪਣੀ ਧੀ ਦਵਾਈ ਲੈਣ ਗਈ ਸੀ। ਦੋਵੇਂ ਆਪਣੇ ਦੋ-ਪਹੀਆ ਵਾਹਨ 'ਤੇ ਵਾਪਸ ਘਰ ਵੱਲ ਨੂੰ ਪਰਤ ਰਹੇ ਸਨ, ਜਦ ਦੋਵੇਂ ਭੈਣ-ਭਰਾ ਪਿੰਡ ਅਪਰਾ,ਫਿਲੌਰ ਨੇੜੇ ਪੁੱਜੇ ਤਾਂ ਉਨ੍ਹਾਂ ਦੇ ਪਿਛੇ ਆ ਰਹੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਉਨ੍ਹਾਂ ਕੋਲ ਪੁੱਜੇ। ਉਨ੍ਹਾਂ ਲੁੱਟੇਰਿਆਂ ਨੇ ਉਸ ਦੇ ਭਰਾ ਦੇ ਗੱਲ ਉੱਤੇ ਤੇਜ਼ਧਾਰ ਦਾਤਰ ਰੱਖ ਦਿੱਤੀ ਤੇ ਉਸ ਕੋਲੋਂ ਕੰਨਾਂ 'ਚ ਪਾਈਆਂ ਵਾਲੀਆਂ ਦੀ ਮੰਗ ਕਰਨ ਲੱਗੇ। ਜਦ ਉਸ ਨੇ ਕੁੱਝ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਲੁੱਟੇਰਿਆਂ ਨੇ ਉਸ ਦੇ ਭਰਾ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਜਦ ਮਹਿਲਾ ਨੇ ਲੁੱਟੇਰਿਆਂ ਦੀ ਗੱਲ ਨਹੀਂ ਮੰਨੀ ਤਾਂ ਲੁੱਟੇੇਰੇ ਉਸ ਦੇ ਕੰਨਾਂ ਚੋਂ ਤਿੰਨ ਜੋੜੇ ਸੋਨੇ ਦੀਆਂ ਵਾਲੀਆਂ, ਇੱਕ ਮੋਬਾਈਲ ਤੇ ਉਸ ਦੇ ਭਰਾ ਦੀ ਜੇਬ ਚੋਂ ਪੰਜ ਹਜ਼ਾਰ ਰੁਪਏ ਨਗਦੀ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਥਾਣਾ ਫਿਲੌਰ ਵਿਖੇ ਦੇ ਦਿੱਤੀ।
ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲਦੇ ਹੀ ਏਐਸਆਈ ਧਰਮਿੰਦਰ ਸਿੰਘ ਮੌਕੇ 'ਤੇ ਪੁੱਜੇ। ਇਸ ਮਾਮਲੇ ਬਾਰੇ ਦੱਸਦੇ ਹੋਏ ਏਐਸਆਈ ਧਰਮਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਲੁੱਟੇਰਿਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ।