ਜਲੰਧਰ : ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਦੇਸ਼ ਵਾਸੀਆਂ 'ਚ ਚੀਨ ਲਈ ਭਾਰੀ ਰੋਸ ਹੈ। ਇੱਕ ਪਾਸੇ ਜਿੱਥੇ ਕੇਂਦਰ ਸਰਕਾਰ ਨੇ ਚੀਨ ਖਿਲਾਫ਼ ਸਖ਼ਤੀ ਅਪਨਾਉਂਦਿਆਂ ਚਾਈਨੀਜ਼ ਉਤਪਾਦਾਂ ਤੇ ਐਪਸ 'ਤੇ ਰੋਕ ਲਗਾ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਜਲੰਧਰ ਦਾ ਇੱਕ ਦੁਕਾਨਦਾਰ ਕਸਟਮਾਈਜ਼ਡ ਰੱਖੜੀਆਂ ਤਿਆਰ ਕਰਕੇ ਚੀਨ ਦੇ ਖਿਲਾਫ਼ ਰੋਸ ਪ੍ਰਗਟ ਕਰ ਰਿਹਾ ਹੈ।
ਕੋਰੋਨਾ ਮਹਾਂਮਾਰੀ ਦੇ ਕਾਰਨ ਸਾਰੇ ਹੀ ਕਾਰੋਬਾਰ ਠੱਪ ਪਏ ਹਨ। ਉੱਥੇ ਹੀ ਦੂਜੇ ਪਾਸੇ ਜਗਦੀਪ ਸਿੰਘ ਨਾਂਅ ਦੇ ਦੁਕਾਨਦਾਰ ਇਸ ਸੰਕਟ ਦੇ ਸਮੇਂ ਨੂੰ ਮੌਕੇ 'ਚ ਬਦਲ ਲਿਆ ਹੈ। ਇਨ੍ਹੀਂ ਦਿਨੀਂ ਜਗਦੀਪ ਰੱਖੜੀ ਦੇ ਤਿਉਹਾਰ ਲਈ ਕਸਟਮਾਈਜ਼ਡ ਰੱਖੜੀਆਂ ਤਿਆਰ ਕਰਕੇ ਵੇਚ ਰਹੇ ਹਨ। ਜਗਦੀਪ ਨੇ ਕਿਹਾ ਕਿ ਦੇਸ਼ 'ਚ ਚਾਈਨੀਜ਼ ਉਤਪਾਦਾਂ 'ਤੇ ਰੋਕ ਲਾ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਹ ਵੀ ਆਪਣੇ ਦੇਸ਼ ਨਾਲ ਪਿਆਰ ਕਰਦੇ ਹਨ। ਇਸ ਲਈ ਇਸ ਵਾਰ ਉਹ ਚਾਈਨੀਜ਼ ਰੱਖੜੀਆਂ ਦੀ ਬਜਾਏ ਖ਼ੁਦ ਵੱਲੋਂ ਤਿਆਰ ਕੀਤੀ ਗਈ ਕਸਟਮਾਈਜ਼ਡ ਰੱਖੜੀਆਂ ਵੇਚ ਰਹੇ ਹਨ। ਇਸ ਨੂੰ ਲੋਕਾਂ ਵੱਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਚਾਈਨੀਜ਼ ਉਤਪਾਦਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਜਗਦੀਪ ਨੇ ਦੱਸਿਆ ਇਨ੍ਹਾਂ ਵਿੱਚ ਭੈਣ-ਭਰਾ ਦੀ ਫੋਟੋ ਜਾਂ ਪਸੰਦੀਦਾ ਹੀਰੋ ਹੀਰੋਇਨ ਦੀ ਫ਼ੋਟੋ ਲਗਵਾਈ ਜਾ ਸਕਦੀ ਹੈ। ਇਨ੍ਹਾਂ ਰੱਖੜੀਆਂ ਦੀ ਵਿਕਰੀ ਦੇ ਲਈ ਸੋਸ਼ਲ ਮੀਡੀਆ 'ਤੇ ਇਸ ਦੀਆਂ ਤਸਵੀਰਾਂ ਪਾ ਕੇ ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਖ਼ਰੀਦਦਾਰੀ ਕਰਨ ਆਏ ਲੋਕਾਂ ਨੇ ਵੀ ਚਾਈਨੀਜ਼ ਰੱਖੜੀਆਂ ਦੀ ਬਜਾਏ ਕਸਟਮਾਈਜ਼ਡ ਰੱਖੜੀਆਂ ਖਰੀਦਣਾ ਪਸੰਦ ਕੀਤਾ ਹੈ। ਲੋਕਾਂ ਵੱਲੋਂ ਚਾਈਨੀਜ਼ ਸਮਾਨ ਦਾ ਬਾਈਕਾਟ ਕੀਤੇ ਜਾਣ ਦੀ ਗੱਲ ਆਖੀ ਗਈ ਹੈ।