ਜਲੰਧਰ : ਕਸਬਾ ਗੁਰਾਇਆ ਦੇ ਦੁਸਾਂਝ ਕਲਾਂ ਵਿਖੇ ਵਾਪਰੀ ਇੱਕ ਲੁੱਟ ਦੀ ਘਟਨਾ ਨੂੰ ਪੁਲਿਸ ਨੇ ਮਹਿਜ਼ ਤਿੰਨ ਘੰਟਿਆਂ 'ਚ ਸੁਲਝਾ ਲਿਆ। ਪੁਲਿਸ ਨੇ ਇਸ ਮਾਮਲੇ 'ਚ ਦੋ ਲੁੱਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆ ਦੁਸਾਂਝ ਕਲਾਂ ਦੇ ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਕਪੂਰਥਲਾ ਦੇ ਇੱਕ ਵਸਨੀਕ ਨਾਲ ਦੁਸਾਂਝ ਕਲਾਂ ਵਿਖੇ ਲੁੱਟ ਹੋਣ ਦੀ ਸੂਚਨਾ ਮਿਲੀ ਸੀ। ਕਪੂਰਥਲਾ ਥਾਣੇ ਦੀ ਪੁਲਿਸ ਟੀਮ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਪ੍ਰਦੀਪ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਪ੍ਰੀਤ ਨਗਰ ਕਪੂਰਥਲਾ ਤੋਂ ਆਪਣੀ ਗੱਡੀ ਤੋਂ ਕਰਿਆਨੇ ਦਾ ਸਮਾਨ ਲੈ ਕੇ ਦੁਸਾਂਝ ਕਲਾਂ ਜਾ ਰਿਹਾ ਸੀ। ਜਿਵੇਂ ਹੀ ਉਹ ਦੁਸਾਂਝ ਕਲਾਂ ਨੇੜੇ ਪੁੱਜਾ ਉਥੇ ਉਸ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁੱਟੇਰਿਆਂ ਨੇ ਘੇਰ ਲਿਆ। ਲੁੱਟੇਰਿਆਂ ਨੇ ਉਸ ਕੋਲੋਂ 1500 ਰੁਪਏ ਨਗਦੀ ਤੇ ਕਰਿਆਨੇ ਦਾ ਸਾਮਾਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ। ਪ੍ਰਦੀਪ ਨੇ ਮੁਲਜ਼ਮਾਂ ਦੀ ਮੋਟਰਸਾਈਕਲ ਦਾ ਨੰਬਰ ਨੋਟ ਕਰ ਆਪਣੇ ਘਰ ਦੇ ਇਲਾਕੇ 'ਚ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਕੀਤੀ।
ਇਸ ਤੋਂ ਬਾਅਦ ਦੋਹਾਂ ਇਲਾਕਿਆਂ ਦੀ ਪੁਲਿਸ ਨੇ ਆਪਸੀ ਸਹਿਯੋਗ ਨਾਲ ਇਸ ਲੁੱਟ ਦੀ ਵਾਰਦਾਤ ਨੂੰ ਟਰੇਸ ਕਰ ਲਿਆ। ਸੂਚਨਾ ਮਿਲਦੇ ਹੀ ਗੁਰਾਇਆ ਪੁਲਿਸ ਨੇ ਮਹਿਜ਼ ਤਿੰਨ ਘੰਟਿਆਂ ਦੇ ਅੰਦਰ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਤਰਸੇਮ ਕੁਮਾਰ, ਏਕਤਾ ਨਗਰ ਰਾਮਾ ਮੰਡੀ ਜਲੰਧਰ ਅਤੇ ਪ੍ਰਮੋਦ ਕੁਮਾਰ ਰਜਿੰਦਰ ਦਾਸ ਕਲੋਨੀ ਦਕੋਹਾ ਦੇ ਵਸਨੀਕ ਵਜੋਂ ਹੋਈ ਹੈ। ਪੁਲਿਸ ਨੇ ਦੋਹਾਂ ਮੁਲਜ਼ਮਾਂ ਖਿਲਾਫ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮਾਂ ਕੋਲੋਂ ਲੁੱਟ ਦਾ ਸਮਾਨ ਬਰਾਮਦ ਨਹੀਂ ਹੋ ਸਕਿਆ, ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।