ਜਲੰਧਰ: ਜ਼ਹਿਰੀਲੀ ਸ਼ਰਾਬ ਮਾਮਲੇ ਨੂੰ ਲੈ ਕੇ ਭਾਜਪਾ ਐਸਸੀ ਮੋਰਚਾ ਦੇ ਵਰਕਰਾਂ ਵੱਲੋਂ ਕਰਤਾਰਪੁਰ ਦੇ ਪਿੰਡ ਕਾਦੀਆਂ ਵਿਖੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਗਿਆ।
ਇਸ ਦੌਰਾਨ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਵਿਧਾਇਕ ਦੇ ਘਰ ਵੱਲ ਜਾਣ ਤੋਂ ਰੋਕਿਆ ਗਿਆ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਪਿੰਡ ਧਾਲੀਵਾਲ ਕਾਦੀਆਂ ਦੇ ਬਾਹਰ ਹੀ ਧਰਨਾ ਲਾ ਲਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਭਾਜਪਾ ਐਸਸੀ ਮੋਰਚੇ ਦੇ ਆਗੂਆਂ ਨੇ ਕੈਪਟਨ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਪੰਜਾਬ ਸਰਕਾਰ ਦੀ ਨੀਤੀਆਂ ਨੂੰ ਲੋਕ ਮਾਰੂ ਨੀਤੀਆਂ ਦੱਸਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਅੰਮ੍ਰਿਤਸਰ, ਤਰਨ ਤਾਰਨ ਸਣੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ 'ਚ ਕਈ ਲੋਕਾਂ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨਕਲੀ ਸ਼ਰਾਬ ਬਣਾਉਣ ਵਾਲਿਆਂ ਉੱਤੇ ਸਮੇਂ ਸਿਰ ਸਖ਼ਤ ਕਾਰਵਾਈ ਕਰਦੀ ਤਾਂ ਅਜਿਹੀ ਘਟਨਾ ਨੂੰ ਰੋਕਿਆ ਜਾ ਸਕਦਾ ਸੀ।
ਭਾਜਪਾ ਐਸਈ ਮੋਰਚੇ ਦੇ ਕਾਰਜਕਾਰੀ ਮੈਂਬਰ ਚੰਦਰਸ਼ੇਖਰ ਚੌਹਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਚੌਣ ਵੇਲੇ ਕਈ ਵਾਅਦੇ ਕੀਤੇ ਸਨ। ਇਸ ਵਿੱਚ ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਵਿੱਚ 4 ਹਫਤਿਆਂ ਦੇ ਅੰਦਰ ਨਸ਼ਾ ਖ਼ਤਮ ਕਰਨਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ। ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਏ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਬਲਕਿ ਪੰਜਾਬ ਵਿੱਚ ਨਸ਼ਾ ਦੁੱਗਣਾ ਹੋ ਗਿਆ ਹੈ।