ਜਲੰਧਰ : ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਇੱਕ ਨੌਜਵਾਨ ਜੇਲ੍ਹ 'ਚ ਹੋਣ ਦੇ ਬਾਵਜੂਦ ਪੁਲਿਸ ਮੁਲਾਜ਼ਮਾਂ ਨੂੰ ਅਪਸ਼ਬਦ ਬੋਲ ਰਿਹਾ ਹੈ। ਪੁਲਿਸ ਨੇ ਉਕਤ ਨੌਜਵਾਨ ਨੂੰ ਐਕਸੀਡੈਂਟ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਦੱਸਦੇ ਹੋਏ ਜਲੰਧਰ ਦੇ ਥਾਣਾ ਬਾਰਾਦਰੀ ਦੇ ਐਸਐਚਓ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਕੰਟਰੋਲ ਰੂਮ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਤੇਜ਼ ਰਫ਼ਤਾਰ ਗੱਡੀ ਚਲਾ ਰਿਹਾ ਹੈ। ਇਸ ਦੌਰਾਨ ਪੀਏਪੀ ਚੌਕ ਉੱਤੇ ਉਸ ਨੇ ਇੱਕ ਪੁਲਿਸ ਮੁਲਾਜ਼ਮ ਦੀ ਗੱਡੀ ਵਿੱਚ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਜਦ ਗੱਡੀ 'ਚ ਸਵਾਰ ਪੁਲਿਸ ਮੁਲਾਜ਼ਮ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਨੇ ਪੁਲਿਸ ਅਧਿਕਾਰੀ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ। ਉਸ ਨੇ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਵੀ ਕੀਤੀ। ਇਸ ਦੌਰਾਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਪੁਲਿਸ ਮੁਲਾਜ਼ਮ ਨੇ ਇਸ ਘਟਨਾ ਦੀ ਜਾਣਕਾਰੀ ਪੈਟਰੋਲਿੰਗ ਟੀਮ ਨੂੰ ਦਿੱਤੀ।
ਸੂਚਨਾ ਮਿਲਣ 'ਤੇ ਪੁਲਿਸ ਦੀ ਟੀਮ ਨੇ ਮੁਲਜ਼ਮ ਨੌਜਵਾਨ ਨੂੰ ਬੱਸ ਸਟੈਂਡ ਨੇੜੇ ਉਸ ਦੀ ਗੱਡੀ ਸਣੇ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਕਰਨ ਵਜੋਂ ਹੋਈ ਹੈ। ਉਕਤ ਨੌਜਵਾਨ ਬੀਤੇ ਕਈ ਸਾਲਾਂ ਤੋਂ ਪੜ੍ਹਾਈ ਲਈ ਅਮਰੀਕਾ ਗਿਆ ਹੋਇਆ ਸੀ ਅਤੇ ਦੇਰ ਰਾਤ ਉਹ ਸ਼ਰਾਬ ਦੇ ਨਸ਼ੇ 'ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਜਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਹ ਪੁਲਿਸ ਅਧਿਕਾਰੀਆਂ ਨਾਲ ਗਾਲੀ-ਗਲੌਚ ਕਰਨ ਲੱਗਾ। ਫਿਲਹਾਲ ਪੁਲਿਸ ਵੱਲੋਂ ਉਸ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।