ਜਲੰਧਰ: ਕਾਂਗਰਸ ਦੇ ਜਲੰਧਰ ਵੈਸਟ ਤੋਂ ਵਿਧਾਇਕ ਸੁਸ਼ੀਲ ਰਿੰਕੂ ਨੇ ਬੀਤੇ ਦਿਨੀਂ ਉਨ੍ਹਾਂ ਦੇ ਇਲਾਕੇ ਦੀ ਸਾਫ਼ ਸਫ਼ਾਈ, ਸੀਵਰੇਜ ਸਿਸਟਮ ਨੂੰ ਲੈ ਕੇ ਆਪਣੀ ਪਾਰਟੀ ਦੇ ਮੇਅਰ 'ਤੇ ਨਿਸ਼ਾਨਾ ਸਾਧਿਆ ਸੀ ਅਤੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਉਨ੍ਹਾਂ ਨੂੰ ਮੇਅਰ ਬਣਾ ਕੇ ਲੋਕ ਠਗੇ ਗਏ ਹਨ। ਰਿੰਕੂ ਦੀ ਇਸ ਬਿਆਨਬਾਜੀ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਆਪਣੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਸਾਡੇ 3 ਸਾਲ ਬਾਅਦ ਹੁਣ ਰਿੰਕੂ ਨੂੰ ਇਸ ਦੀ ਯਾਦ ਆਈ ਹੈ।
ਜਗਦੀਸ਼ ਰਾਜਾ ਨੇ ਰਿੰਕੂ ਨੂੰ ਆਪਣਾ ਛੋਟਾ ਭਰਾ ਕਹਿੰਦੇ ਹੋਏ ਕਿਹਾ ਕਿ ਰਿੰਕੂ ਨੂੰ ਹੋਸ਼ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਅਤੇ ਜੇ ਕੋਈ ਸਮੱਸਿਆ ਹੈ ਤਾਂ ਉਨ੍ਹਾਂ ਨਾਲ ਗੱਲ ਕਰਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਕਿਸੇ ਨਾਲ ਭੇਦਭਾਵ ਨਹੀਂ ਕੀਤਾ ਅਤੇ ਸੁਸ਼ੀਲ ਰਿੰਕੂ ਦੇ ਇਲਾਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ। ਜਗਦੀਸ਼ ਰਾਜਾ ਨੇ ਕਿਹਾ ਕਿ ਜਿਸ ਕੁੜੇ ਦੇ ਡੰਪ ਨੂੰ ਰੋਕਣ ਦੀ ਰਿੰਕੂ ਕਹਿ ਰਿਹਾ ਹੈ ਉਹ ਡੰਪ 40 ਸਾਲ ਤੋਂ ਵੀ ਵੱਧ ਪੁਰਾਣਾ ਹੈ ਅਤੇ ਇਹ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਨਹੀਂ ਹੈ ਜਿਸ ਨੂੰ ਬੰਦ ਕਰ ਦਿੱਤਾ ਜਾਏ। ਇਸ ਦੇ ਨਾਲ ਹੀ ਮੇਅਰ ਨੇ ਕਿਹਾ ਕਿ ਇਲਾਕੇ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਵੀ 40 ਸਾਲ ਪੁਰਾਣਾ ਹੈ, ਜਿਸ ਵਿੱਚ ਨੋਰਥ ਹਲਕੇ ਦਾ ਪਾਣੀ ਆਉਂਦਾ ਹੈ।