ਜਲੰਧਰ: ਆਮ ਆਦਮੀ ਪਾਰਟੀ ਹੁਣ ਜਿੱਥੇ ਪੰਜਾਬ ਤੋਂ ਅੱਗੇ ਵਧ ਕੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ ਵਿੱਚ ਵੀ ਆਪਣੇ ਹੋਮ ਵਰਕ ਵਿੱਚ ਲੱਗ ਗਈ ਹੈ। ਉਸਦੇ ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਹੁਣ ਪੂਰੀ ਤਰ੍ਹਾਂ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਕਮਰ ਕੱਸੀ ਬੈਠੇ ਹਨ. ਇਸ ਦੇ ਚੱਲਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਨੇਤਾਵਾਂ ਵੱਲੋਂ ਦੂਜੀ ਪਾਰਟੀ ਦੇ ਨੇਤਾਵਾਂ ਅਤੇ ਕਾਰਜਕਰਤਾਵਾਂ ਨਾਲ ਆਪਣੇ ਗੱਠਜੋੜ ਸ਼ੁਰੂ ਕਰ ਦਿੱਤੇ ਹਨ। ਦੱਸ ਦਈਏ ਕਿ ਹੁਣ ਵਿਰੋਧੀ ਪਾਰਟੀ ਦੇ ਆਗੂ ਅਤੇ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਇਸੇ ਲੜੀ ਵਿਚ ਜਲੰਧਰ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਨਿਕਾਏ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੀ ਹਾਜ਼ਰੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੁੱਲ 68 ਲੋਕ ਭਾਜਪਾ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਮ ਕਾਰਜਕਰਤਾਵਾਂ ਤੋਂ ਲੈ ਕੇ ਨਗਰ ਨਿਗਮ ਦੇ ਕਈ ਪਾਰਸ਼ਦ ਵੀ ਸ਼ਾਮਲ ਹਨ, ਜਿਨ੍ਹਾਂ ਵਿੱਚ 13 ਲੋਕ ਪ੍ਰਮੁੱਖ ਹਨ। ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਟੇਟ ਐਗਜ਼ੀਕਿਊਟਿਵ ਮੈਂਬਰ ਵਿਨੀਤ ਧੀਰ , ਸ਼ਵੇਤਾ ਧੀਰ ਪਾਰਸ਼ਦ ਵਾਰਡ ਨੰਬਰ 77, ਸੁਰੇਸ਼ ਮਿੰਟੂ ਪਾਰਸ਼ਦ ਵਾਰਡ ਨੰਬਰ 40, ਅਮਿਤ ਸੱਦਾ ਉਪ ਪ੍ਰਧਾਨ ਭਾਜਪਾ ਜਲੰਧਰ , ਚੰਦਰਜੀਤ ਕੌਰ ਪਾਰਚਡ ਵਾਰਡ ਨੰਬਰ 73, ਪ੍ਰਭ ਦਿਆਲ ਉਪ ਪ੍ਰਧਾਨ ਭਾਜਪਾ ਐਸ ਸੀ ਮੋਰਚਾ , ਅਨੀਤਾ ਰਾਣੀ ਪਾਰਸ਼ਦ ਵਾਰਡ ਨੰਬਰ 41 , ਸੌਰਭ ਸਿਟੀ ਮੰਡਲ ਪ੍ਰਧਾਨ , ਕਵਿਤਾ ਸੇਠ ਪ੍ਰਧਾਨ ਮਹਿਲਾ ਮੋਰਚਾ , ਕਮਲ ਲੋਚ ਜਨਰਲ ਸੈਕਟਰੀ ਜਲੰਧਰ , ਧੀਰਜ ਭਗਤ , ਨਿੱਜੀ ਅਰੋੜਾ ਇੱਕ ਪ੍ਰਧਾਨ ਭਾਜਪਾ ਮੰਡਲ 11, ਨਵੀਨ ਸੋਨੀ ਜਨਰਲ ਸੈਕਟਰੀ ਮੰਡਲ 11 ਸ਼ਾਮਿਲ ਨੇ . ਇਨ੍ਹਾਂ ਵਿੱਚੋਂ ਤਕਰੀਬਨ ਸਾਰੇ ਕਾਰਜਕਰਤਾ ਅਤੇ ਨੇਤਾ ਜਲੰਧਰ ਵੈਸਟ ਇਲਾਕੇ ਤੋਂ ਹਨ।
ਇਸ ਦੌਰਾਨ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਵਿਨੀਤ ਧੀਰ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਕੋਈ ਮਾੜੀ ਪਾਰਟੀ ਨਹੀਂ ਹੈ ਪਰ ਪਾਰਟੀ ਵਿੱਚ ਸ਼ਾਮਲ ਕੁਝ ਲੋਕ ਅਜਿਹੇ ਨੇ ਜੋ ਬਾਕੀ ਲੋਕਾਂ ਨੂੰ ਅੱਗੇ ਨਹੀਂ ਵਧਣ ਦਿੰਦੇ। ਉਨ੍ਹਾਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਉਣ ਬਾਰੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਿਛਲੇ ਕੁਝ ਮਹੀਨਿਆਂ ਵਿਚ ਪੰਜਾਬ ਵਿਚ ਜੋ ਬਦਲਾਓ ਲਿਆਉਂਦੇ ਹਨ ਉਨ੍ਹਾਂ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਦੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤੀ ਹੈ।
ਇਸ ਮੌਕੇ ਲੋਕਲ ਬਾਡੀ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਭਾਜਪਾ ਛੱਡ ਆਮ ਆਦਮੀ ਪਾਰਟੀ ਵਿਚ ਆਏ ਨੇਤਾਵਾਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਪੰਜਾਬ ਵਿੱਚ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਬਾਕੀ ਰਾਜਨੀਤਿਕ ਪਾਰਟੀਆ ਨੇਤਾ ਅਤੇ ਕਾਰਜਕਰਤਾ ਲਗਾਤਾਰ ਆਪ ਵਿੱਚ ਸ਼ਾਮਲ ਹੋ ਰਹੇ ਹਨ।
ਨਿੱਝਰ ਨੇ ਅੱਗੇ ਕਿਹਾ ਕਿ ਜਲੰਧਰ ਦੇ ਵਿੱਚ ਜੋ ਵੀ ਘੁਟਾਲਿਆਂ ਦੀ ਗੱਲ ਹੋ ਰਹੀ ਹੈ ਉਸ ਬਾਰੇ ਸਮੇਂ ਸਿਰ ਜਾਂਚ ਕੀਤੀ ਜਾਵੇਗੀ। ਜਲੰਧਰ ਦੇ ਵਿਕਾਸ ਲਈ ਹੋਣ ਵਾਲੇ ਜ਼ਰੂਰੀ ਕੰਮਾਂ ਲਈ ਜਲਦ ਹੀ ਨਵੇਂ ਟੈਂਡਰ ਬਣਾਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜਲਦ ਹੀ ਜਲੰਧਰ ਵਿੱਚ ਵਾਰਡਬੰਦੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਅਗਲੇ ਸਾਲ ਜਨਵਰੀ ਵਿੱਚ ਨਗਰ ਨਿਗਮ ਚੋਣਾਂ ਕਰਵਾਈਆਂ ਜਾਣਗੀਆਂ।
ਇਹ ਵੀ ਪੜੋ: ਗਿਲਜੀਆਂ ਨੂੰ ਰਾਹਤ ਜਾਰੀ, 28 ਸਤੰਬਰ ਤੱਕ ਨਹੀਂ ਹੋ ਸਕਦੀ ਗ੍ਰਿਫਤਾਰੀ