ਜਲੰਧਰ: ਦੇਸ਼ ਵਿੱਚ ਅਕਤੂਬਰ ਦੇ ਮਹੀਨੇ ਹੋਣ ਵਾਲੇ ਅੰਡਰ 17 ਮਹਿਲਾ ਫੁੱਟਬਾਲ ਵਰਲਡ ਕੱਪ ਦੇ ਐਲਾਨ ਤੋਂ ਬਾਅਦ ਜਲੰਧਰ ਦਾ ਫੁੱਟਬਾਲ ਉਦਯੋਗ ( Jalandhar sports industry) ਲੋਕਲ ਮਾਰਕੀਟ ਵਿਚ ਪੂਰੀ ਤਰ੍ਹਾਂ ਉਛਾਲ ਦੀ ਉਮੀਦ ਕਰ ਰਿਹਾ ਸੀ। ਪਰ ਹੁਣ ਫੀਫਾ ਵੱਲੋਂ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਸਸਪੈਂਡ ਕਰਨ ਤੋਂ ਬਾਅਦ ਇਹ ਉਦਯੋਗ ਇੱਕ ਵਾਰ ਫੇਰ ਵੱਡੇ ਘਾਟੇ ਵੱਲ ਤੁਰ ਪਿਆ ਹੈ।
ਦਰਅਸਲ ਕਿਸੇ ਵੀ ਵੱਡੇ ਖੇਡ ਈਵੈਂਟ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚ ਉਸ ਖੇਡ ਨਾਲ ਜੁੜੀਆਂ ਵਸਤੂਆਂ ਦਾ ਵਪਾਰ ਕਰਨ ਵਾਲੇ ਲੋਕਾਂ ਵਿੱਚ ਇੱਕ ਉਮੀਦ ਜਾਗਦੀ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਈਵੈਂਟ ਨਾਲ ਦੇਸ਼ ਦੇ ਵਿੱਚ ਲੋਕਲ ਬਾਜ਼ਾਰ ਵਿੱਚ ਉਨ੍ਹਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ। ਕੁਝ ਐਸੀਆਂ ਹੀ ਉਮੀਦਾਂ ਫੀਫਾ ਅੰਡਰ 17 ਮਹਿਲਾ ਵਰਲਡ ਕੱਪ ਦੇ ਭਾਰਤ ਵਿੱਚ ਹੋਣ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚ ਖੇਡ ਉਦਯੋਗ ਵਿੱਚ ਜਾਗੀਆਂ ਸਨ। ਖ਼ਾਸਕਰ ਜੇਕਰ ਗੱਲ ਕਰੀਏ ਜਲੰਧਰ ਦੀ ਤਾਂ ਜਲੰਧਰ ਵਿੱਚ ਫੁੱਟਬਾਲ ਦਾ ਉਤਪਾਦਨ ਅਤੇ ਵਪਾਰ ਸਾਲਾਂ ਸਾਲ ਪੁਰਾਣਾ ਹੈ।
ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਸਸਪੈਂਡ ਕਰਨ ਤੋਂ ਬਾਅਦ ਫੁਟਬਾਲ ਉਤਪਾਦਕ ਨਿਰਾਸ਼: ਫੀਫਾ ਵੱਲੋਂ ਆਲ ਇੰਡੀਆ ਫੁਟਬਾਲ ਫੈਡਰੇਸ਼ਨ (all India football federation) ਨੂੰ ਸਸਪੈਂਡ ਕਰਨ ਤੋਂ ਬਾਅਦ ਹੁਣ ਜੋ ਅੰਡਰ 17 ਮਹਿਲਾ ਫੁੱਟਬਾਲ ਵਰਲਡ ਕੱਪ ਦੇਸ਼ ਵਿੱਚ ਹੋਣਾ ਸੀ ਉਹਦੇ ਤੇ ਸਵਾਲੀਆ ਨਿਸ਼ਾਨ ਲੱਗ ਗਏ ਹਨ। ਇਹ ਈਵੈਂਟ ਇਸ ਸਾਲ ਅਕਤੂਬਰ ਦੇ ਮਹੀਨੇ ਵਿੱਚ ਹੋਣਾ ਸੀ। ਫਿਲਹਾਲ ਫੀਫਾ ਅਤੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵਿੱਚ ਚੱਲ ਰਹੀ ਤਣਾਤਣੀ ਦੇ ਚੱਲਦੇ ਜਲੰਧਰ ਦੇ ਫੁੱਟਬਾਲ ਨਿਰਮਾਤਾ ਕਾਫ਼ੀ ਨਿਰਾਸ਼ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਫੁੱਟਬਾਲ ਉਦਯੋਗ ਜਲੰਧਰ ਦਾ ਇੱਕ ਐਸਾ ਉਦਯੋਗ ਹੈ ਜਿਸ ਨਾਲ ਜਲੰਧਰ ਦੇ ਹਜ਼ਾਰਾਂ ਲੋਕਾ ਦੇ ਪਰਿਵਾਰ ਜੁੜੇ ਹੋਏ ਹਨ। ਇਹ ਪਰਿਵਾਰ ਫੁੱਟਬਾਲ ਸੀਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।
ਹੁਣ ਇਸ ਵਾਰ ਇਹ ਲੋਕ ਕੰਮ ਕਰਨ ਲਈ ਜਿੰਨੇ ਉਤਸ਼ਾਹੀ ਸਨ ਹੁਣ ਇਨ੍ਹਾਂ ਵਿੱਚ ਉੱਨੀ ਹੀ ਜ਼ਿਆਦਾ ਨਿਰਾਸ਼ਾ ਆ ਗਈ ਹੈ। ਫੁੱਟਬਾਲ ਉਤਪਾਦਕਾਂ ਮੁਤਾਬਕ ਜੋ ਉਮੀਦ ਇਸ ਵਾਰ ਉਨ੍ਹਾਂ ਨੂੰ ਇਸ ਈਵੈਂਟ ਤੋਂ ਬਣੀ ਸੀ ਉਹ ਹੁਣ ਟੁੱਟਦੀਆਂ ਨਜ਼ਰ ਆ ਰਹੀਆਂ ਹਨ। ਇਹੀ ਨਹੀਂ ਇਨ੍ਹਾਂ ਮੁਤਾਬਕ ਜਦੋਂ ਕੋਈ ਵੱਡਾ ਫੁੱਟਬਾਲ ਦਾ ਈਵੈਂਟ ਹੁੰਦਾ ਹੈ ਤਾਂ ਉਸ ਵਿੱਚ ਸਿਰਫ਼ ਫੁੱਟਬਾਲ ਹੀ ਨਹੀਂ ਬਲਕਿ ਇਸ ਖੇਡ ਨਾਲ ਜੁੜੀਆਂ ਤਮਾਮ ਹੋਰ ਚੀਜ਼ਾਂ ਦੀ ਵੀ ਮੰਗ ਵੱਧ ਜਾਂਦੀ ਹੈ। ਖ਼ਾਸ ਤੌਰ 'ਤੇ ਫੁਟਬਾਲ ਖੇਡ ਲਈ ਪਾਏ ਜਾਣ ਵਾਲੇ ਸਟੱਡ , ਇਸ ਖੇਡ ਵਿੱਚ ਇਸਤੇਮਾਲ ਹੋਣ ਵਾਲੀ ਗਾਰਡ ਅਤੇ ਹੋਰ ਬਹੁਤ ਸਾਰਾ ਸਾਮਾਨ ਹੁੰਦਾ ਹੈ।
ਸਾਲਾਂ ਤੋਂ ਫੁਟਬਾਲ ਸੀਣ ਵਾਲੇ ਕਾਰੀਗਰ ਪਹਿਲੇ ਹੀ ਪਰੇਸ਼ਾਨ: ਜਲੰਧਰ ਵਿੱਚ ਉਹ ਕਾਰੀਗਰ ਜੋ ਆਪਣੇ ਘਰਾਂ ਵਿੱਚ ਫੁੱਟਬਾਲ ਸੀਨ ਦਾ ਕੰਮ ਕਰਦੇ ਹਨ ਉਨ੍ਹਾਂ ਮੁਤਾਬਕ ਉਹ ਪਹਿਲੇ ਹੀ ਬਹੁਤ ਪਰੇਸ਼ਾਨ ਹਨ ਕਿਉਂਕਿ ਜਿਨ੍ਹਾਂ ਆਰਡਰ ਉਨ੍ਹਾਂ ਨੂੰ ਕੰਮ ਦਾ ਪਹਿਲੇ ਮਿਲਦਾ ਸੀ ਉਸ ਨਾਲੋਂ ਕਿਤੇ ਘੱਟ ਆਰਡਰ ਮਿਲ ਰਿਹਾ ਹੈ। ਜਲੰਧਰ ਵਿੱਚ ਫੁੱਟਬਾਲ ਸੀਣ ਵਾਲੀ ਬਜ਼ੁਰਗ ਮਹਿਲਾ ਸੰਤੋਸ਼ ਕੁਮਾਰੀ ਦੱਸਦੀ ਹੈ ਕਿ ਇੱਕ ਸਮਾਂ ਸੀ ਜਦੋਂ ਰੋਜ਼ ਠੇਕੇਦਾਰ ਉਨ੍ਹਾਂ ਨੂੰ ਦਰਜਨਾਂ ਫੁੱਟਬਾਲ ਸੀਣ ਲਈ ਦੇ ਕੇ ਜਾਂਦਾ ਸੀ, ਜਿਨ੍ਹਾਂ ਨੂੰ ਉਹ ਪੂਰਾ ਪਰਿਵਾਰ ਮਿਲ ਕੇ ਸੀਨ ਦਾ ਕੰਮ ਕਰਦੇ ਸੀ ਅਤੇ ਇਸੇ ਨਾਲ ਜਲੰਧਰ ਦੇ ਸੈਂਕੜੇ ਪਰਿਵਾਰਾਂ ਦਾ ਗੁਜ਼ਾਰਾ ਚੱਲਦਾ ਸੀ। ਹੁਣ ਪਹਿਲੇ ਹੀ ਇਹ ਕੰਮ ਬਹੁਤ ਘੱਟ ਚੁੱਕਿਆ ਹੇੈ ਅਤੇ ਹੁਣ ਇਸ ਤਰ੍ਹਾਂ ਈਵੈਂਟ ਕੈਂਸਲ ਹੋਏ ਤਾਂ ਉਨ੍ਹਾਂ ਦੇ ਘਰ ਦੇ ਮੈਂਬਰਾਂ ਨੂੰ ਬਾਹਰ ਦਿਹਾਡ਼ੀ ਮਜ਼ਦੂਰੀ ਕਰਨੀ ਪੈ ਸਕਦੀ ਹੈ।
ਹਾਲਾਂਕਿ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਲੈ ਕੇ ਫੀਫਾ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ 'ਤੇ ਕੀ ਫ਼ੈਸਲਾ ਹੁੰਦਾ ਹੈ। ਜੇਕਰ ਫੀਫਾ ਇਸ ਈਵੈਂਟ ਨੂੰ ਦੇਸ਼ ਵਿੱਚ ਨਹੀਂ ਕਰਵਾਉਂਦੀ ਤਾਂ ਇਸ ਦਾ ਨਾ ਸਿਰਫ਼ ਉਨ੍ਹਾਂ ਲੱਖਾਂ ਫੁੱਟਬਾਲ ਪ੍ਰੇਮੀਆਂ ਲਈ ਅਫਸੋਸ ਹੈ ਬਲਕਿ ਉਨ੍ਹਾਂ ਨੂੰ ਵੀ ਨੂੰ ਖਾਮਿਆਜਾ ਭੁਗਤਣਾ ਪਵੇਗਾ ਜੋ ਇਸ ਖੇਡ ਦੇ ਸਾਮਾਨ ਦੇ ਉਤਪਾਦਨ ਅਤੇ ਇਸ ਦੇ ਵਪਾਰ ਨਾਲ ਜੁੜੇ ਹੋਏ ਸਨ।
ਇਹ ਵੀ ਪੜ੍ਹੋ: ਫੀਫਾ ਨੇ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਕੀਤਾ ਮੁਅੱਤਲ