ਜਲੰਧਰ: ਜਲੰਧਰ ਛਾਉਣੀ ਇਲਾਕੇ ਦੇ ਰਾਮਬਾਗ ਵਿੱਚ ਸ਼ਿਵ ਮੰਦਿਰ ਅੰਦਰ ਸ਼ਿਵਲਿੰਗ ਨਾਲ ਹੋਈ ਬੇਅਦਬੀ ਦੇ ਰੋਸ ਵਿੱਚ ਹਿੰਦੂ ਸੰਗਠਨਾਂ ਨੇ ਜਲੰਧਰ ਛਾਉਣੀ ਅਤੇ ਆਸ ਪਾਸ ਦੇ ਇਲਾਕੇ ਦੇ ਬਾਜ਼ਾਰਾਂ ਨੂੰ ਬੰਦ ਰੱਖਿਆ ਗਿਆ।
ਹਿੰਦੂ ਸੰਗਠਨ ਦੇ ਲੋਕਾਂ ਵੱਲੋਂ ਦੋਸ਼ੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਹਿੰਦੂ ਕ੍ਰਾਂਤੀ ਦਲ ਦੇ ਆਗੂ ਮਨੋਜ ਨੰਨਾ ਨੇ ਕਿਹਾ ਕਿ ਜਲੰਧਰ ਛਾਉਣੀ ਦੇ ਵਿੱਚ ਪੈਂਦੇ ਰਾਮਬਾਗ ਵਿਖੇ ਸ਼ਿਵਲਿੰਗ ਦੇ ਮਾਮਲੇ ਵਿੱਚ ਪੁਲਿਸ ਢਿੱਲੀ ਕਾਰਵਾਈ ਅਪਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸੇ ਰੋਸ ਵਿੱਚ ਜਲੰਧਰ ਛਾਉਣੀ, ਦੀਪ ਨਗਰ ਅਤੇ ਲਾਲ ਕੁੜਤੀ ਇਲਾਕੇ ਦੇ ਬਾਜ਼ਾਰਾਂ ਨੂੰ ਪੂਰਨ ਰੂਪ ਨਾਲ ਬੰਦ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਵਲਿੰਗ ਨਾਲ ਹੋਈ ਬੇਅਦਬੀ ਦੇ ਮਾਮਲੇ ਵਿੱਚ ਪੂਰਾ ਹਿੰਦੂ ਸਮਾਜ ਇੱਕ ਹੈ ਅਤੇ ਹਿੰਦੂ ਸਮਾਜ ਵੱਲੋਂ ਪ੍ਰਸ਼ਾਸਨ ਨੂੰ ਬਾਰ ਬਾਰ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਲਈ ਗੁਹਾਰ ਲਗਾਈ ਜਾ ਰਹੀ ਹੈ।
ਹਿੰਦੂ ਸੰਗਠਨ ਦੇ ਆਗੂਆਂ ਨੇ ਕਿਹਾ ਕਿ ਜੇਕਰ ਹੁਣ ਵੀ ਪ੍ਰਸ਼ਾਸਨ ਵੱਲੋਂ ਆਰੋਪੀ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਨ੍ਹਾਂ ਦਾ ਇਹ ਰੋਸ ਪ੍ਰਦਰਸ਼ਨ ਹੋਰ ਤੇਜ਼ ਹੋਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਜਲਦ ਤੋਂ ਜਲਦ ਆਰੋਪੀ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਗਈ ਹੈ।
ਉੱਧਰ ਇਸ ਪੂਰੇ ਮਾਮਲੇ ਤੇ ਏਸੀਪੀ ਕੈਂਟ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਬਾਅਦ ਵਿੱਚ ਮਿਲੀ ਕਿ ਹਿੰਦੂ ਸੰਗਠਨਾਂ ਨੇ ਬੰਦ ਦੀ ਕਾਲ ਦਿੱਤੀ ਗਈ ਹੈ, ਨਹੀਂ ਤਾਂ ਪਹਿਲੇ ਹੀ ਗੱਲਬਾਤ ਕਰਕੇ ਇਸ ਮਸਲੇ ਨੂੰ ਹੱਲ ਕਰ ਦਿੱਤਾ ਜਾਣਾ ਸੀ। ਉਧਰ ਜਿੱਥੇ ਤੱਕ ਸ਼ਿਵਲਿੰਗ ਨਾਲ ਬੇਅਦਬੀ ਦਾ ਸਵਾਲ ਹੈ ਪੁਲਿਸ ਨੇ ਕਿਹਾ ਕਿ ਜਲਦ ਹੀ ਇਸ ਮਾਮਲੇ ਵਿੱਚ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।
ਇਹ ਵੀ ਪੜ੍ਹੋ:ਮਹਾਤਮਾ ਗਾਂਧੀ ਨੂੰ 'ਦੇਸ਼ਦ੍ਰੋਹੀ' ਦੱਸਣ ਵਾਲੇ ਤਰੁਣ ਮੁਰਾਰੀ ਬਾਪੂ ਦੇ ਖਿਲਾਫ MP 'ਚ ਕੀਤਾ ਗਿਆ ਮਾਮਲਾ ਦਰਜ