ਜਲੰਧਰ: ਪੰਜਾਬ ਸਰਕਾਰ ਵੱਲੋਂ ਅੱਜ ਤੀਜੇ ਗੇੜ ਲਈ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ 45 ਸਾਲ ਤੋਂ ਵੱਧ ਉਮਰ ਦੇ ਲੋਕ ਸਿਵਲ ਹਸਪਤਾਲ ਜਲੰਧਰ ਸਣੇ ਹੋਰਨਾਂ ਨਿੱਜੀ ਹਸਪਤਾਲਾਂ 'ਚ ਕੋਰੋਨਾ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਦੌਰਾਨ ਕਈ ਲੋਕ ਤੇ ਸਿਹਤ ਵਿਭਾਗ ਦੇ ਅਧਿਕਾਰੀ ਕੋਰੋਨਾ ਨੂੰ ਸੱਦਾ ਦਿੰਦੇ ਹੋਏ ਨਜ਼ਰ ਆਏ।
ਇਸ ਮੌਕੇ ਵੱਡੀ ਗਿਣਤੀ 'ਚ ਲੋਕ ਸਿਵਲ ਹਸਪਤਾਲ ਵਿਖੇ ਰਜਿਸਟ੍ਰੇਸ਼ਨ ਕਰਵਾਉਣ ਪੁੱਜੇ। ਲੋਕਾਂ ਨੇ ਦੱਸਿਆ ਕਿ ਉਹ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਕੋਰੋਨਾ ਟੀਕਾ ਲਗਵਾਉਣਗੇ। ਇਸ ਦੌਰਾਨ ਕਈ ਲੋਕ ਕੋਰੋਨਾ ਗਾਈਡਲਾਈਨਜ਼ ਦੀ ਧੱਜੀਆਂ ਉਡਾਂਉਂਦੇ ਹੋਏ ਬਿਨਾ ਮਾਸਕ ਤੋਂ ਨਜ਼ਰ ਆਏ।
ਸਿਵਲ ਹਸਪਤਾਲ ਜਲੰਧਰ ਦੇ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ 1 ਮਾਰਚ ਤੋਂ ਆਮ ਲੋਕਾਂ ਲਈ ਕੋਰੋਨਾ ਵੈਕਸੀਨੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਟੀਕਾ ਲਗਵਾਉਣ ਲਈ ਲੋਕਾਂ ਨੂੰ ਲਾਜ਼ਮੀ ਤੌਰ 'ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਤਹਿਤ 45 ਸਾਲ ਤੋਂ ਵੱਧ ਉਮਰ ਦੇ ਲੋਕ ਸਿਵਲ ਹਸਪਤਾਲ ਜਲੰਧਰ ਸਣੇ ਹੋਰਨਾਂ ਨਿੱਜੀ ਹਸਪਤਾਲਾਂ 'ਚ ਕੋਰੋਨਾ ਵੈਕਸੀਨੇਸ਼ਨ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਦੇ ਦੌਰਾਨ ਟੀਕਾਕਰਨ ਅਧਿਕਾਰੀ ਵੀ ਬਿਨਾਂ ਮਾਸਕ ਤੋਂ ਨਜ਼ਰ ਆਏ। ਟੋਕੇ ਜਾਣ 'ਤੇ ਉਨ੍ਹਾਂ ਮਾਸਕ ਪਾਇਆ। ਇੱਕ ਪਾਸੇ ਜਿਥੇ ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਿਹਤ ਅਧਿਕਾਰੀ ਕੋਰੋਨਾ ਨੂੰ ਸੱਦਾ ਦਿੰਦੇ ਹੋਏ ਨਜ਼ਰ ਆ ਰਹੇ ਹਨ।