ਜਲੰਧਰ: ਕੋਰੋਨਾ ਤੋਂ ਬਾਅਦ ਹੁਣ ਗ੍ਰੀਨ ਫੰਗਸ ਦੇ ਮਾਮਲੇ ਆਉਣੇ ਸ਼ੁਰੂ ਹੋ ਚੁੱਕੇ ਹਨ। ਜਿਸ ਦੇ ਚੱਲਦਿਆਂ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਗ੍ਰੀਨ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਪੰਜਾਬ 'ਚ ਵੀ ਗ੍ਰੀਨ ਫੰਗਸ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਜਲੰਧਰ 'ਚ ਗ੍ਰੀਨ ਫੰਗਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਸੇਕਰਡ ਹਾਰਟ ਹਸਪਤਾਲ(Sacred Heart Hospital) 'ਚ ਦਾਖ਼ਲ ਬਾਬਾ ਬਕਾਲਾ ਦਾ 61ਸਾਲਾ ਵਿਅਕਤੀ ਜੋ ਮਾਰਚ ਦੇ ਮਹੀਨੇ ਵਿੱਚ ਕੋਰੋਨਾ ਦਾ ਸ਼ਿਕਾਰ ਹੋਇਆ ਸੀ। ਹੁਣ ਉਹ ਵਿਅਕਤੀ ਗ੍ਰੀਨ ਫੰਗਸ ਦਾ ਸ਼ਿਕਾਰ ਹੋ ਗਿਆ ਹੈ।
ਇਸ ਮਰੀਜ਼ ਬਾਰੇ ਡਾ. ਆਸ਼ੂਤੋਸ਼ ਧਾਨੁਕਾ ਦਾ ਕਹਿਣਾ ਹੈ ਕਿ ਇਹ ਮਰੀਜ਼ ਦੇਸ਼ ਦਾ ਦੂਸਰਾ ਮਰੀਜ਼ ਹੈ, ਜਿਸਨੂੰ ਗ੍ਰੀਨ ਫੰਗਸ ਹੋਇਆ ਹੈ। ਗ੍ਰੀਮ ਫੰਗਸ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਇਸ ਦਾ ਮੈਡੀਕਲ ਨਾਮ ਕੁਝ ਹੋਰ ਹੈ। ਉਨ੍ਹਾਂ ਮੁਤਾਬਕ ਇਹ ਫੰਗਸ ਵੀ ਬਲੈਕ ਫੰਗਸ ਦੀ ਤਰ੍ਹਾਂ ਹੀ ਹੈ, ਪਰ ਇਹ ਬਲੈਕ ਫੰਗਸ ਵਾਂਗ ਅੱਖਾਂ ਤੇ ਅਸਰ ਕਰਨ ਦੀ ਜਗ੍ਹਾ ਸਿੱਧਾ ਲਿਵਰ 'ਤੇ ਅਸਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਗਰੀਨ ਫੰਗਸ ਜ਼ਿਆਦਾਤਰ ਉਨ੍ਹਾਂ ਲੋਕਾਂ ਵਿੱਚ ਪਾਇਆ ਜਾਂਦਾ ਹੈ ਜੋ ਜਾਂ ਤਾਂ ਕੈਂਸਰ ਦੇ ਮਰੀਜ਼ ਹਨ, ਜਾਂ ਫਿਰ ਕਿਡਨੀ ਦੇ ਮਰੀਜ਼ਾਂ ਅਤੇ ਜਾਂ ਫਿਰ ਜਿਨ੍ਹਾਂ ਨੂੰ ਕੋਰੋਨਾ ਹੋ ਚੁੱਕਿਆ ਹੈ। ਉਨ੍ਹਾਂ ਅਨੁਸਾਰ ਇਹ ਫੰਗਸ ਇੱਕ ਇਨਸਾਨ ਤੋਂ ਦੂਸਰੇ ਇਨਸਾਨ 'ਚ ਨਹੀਂ ਫੈਲਦਾ ਹੈ। ਉਨ੍ਹਾਂ ਦਾ ਕਹਿਣਾ ਕਿ ਫਿਲਹਾਲ ਇਸ ਮਰੀਜ਼ ਸਬੰਧੀ ਪੂਰੀ ਹਿਸਟਰੀ ਤਿਆਰ ਕਰਨ ਵਿੱਚ ਟੀਮ ਜੁਟੀ ਹੋਈ ਹੈ।