ਜਲੰਧਰ: ਗੁਰੂ ਨਾਨਕ ਪੁਰਾ ਵੇਸਟ ਵਿੱਚ ਇੱਕ 19 ਸਾਲਾ ਕੁੜੀ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕੁੜੀ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਲੰਬਰ ਦਾ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਪਤਨੀ ਦਿੱਲੀ ਵਿੱਚ ਕੰਮ ਕਰਦੀ ਹੈ। ਉਨ੍ਹਾਂ ਦਾ ਇੱਕ ਮੁੰਡਾ ਅਤੇ ਇੱਕ ਕੁੜੀ ਹੈ, ਪਰਸੋਂ ਜਦੋਂ ਕੰਮ ਤੋਂ ਘਰ ਆਇਆ ਤਾਂ ਦੇਖਿਆ ਕਿ ਕਮਰੇ ਵਿੱਚ ਉਨ੍ਹਾਂ ਦੀ ਕੁੜੀ ਦੇ ਨਾਲ ਇੱਕ ਮੁੰਡਾ ਬੈਠਾ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੁੜੀ-ਮੁੰਡੇ ਨੂੰ ਡਾਂਟਿਆ ਸੀ।
ਇਸ ਤੋਂ ਬਾਅਦ ਬੀਤੇ ਕਲ੍ਹ ਕਿਸੇ ਕੰਮ ਦੇ ਚਲਦੇ ਪਰਮਜੀਤ ਸਿੰਘ ਨੂੰ ਕਰਤਾਰਪੁਰ ਜਾਣਾ ਪਿਆ। ਇਸ ਤੋਂ ਬਾਅਦ ਉਸ ਨੇ ਕੁੜੀ ਨੂੰ ਘਰ 'ਚ ਬੰਦ ਕੀਤਾ ਤੇ ਤਾਲਾ ਲਗਾ ਕੇ ਉਥੋਂ ਚਲਾ ਗਿਆ। ਜਦੋਂ ਅੱਜ ਉਹ ਵਾਪਿਸ ਆਇਆ ਤਾਂ ਦਰਵਾਜ਼ਾ ਅੰਦਰੋ ਬੰਦ ਸੀ, ਉਸ ਨੇ ਤਾਲਾ ਖੋਲ੍ਹਿਆ ਤੇ ਕੁੜੀ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਜਦੋਂ ਕਈ ਸਮਾਂ ਲੰਘਣ ਤੋਂ ਬਾਅਦ ਵੀ ਕੁੜੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਰਮਜੀਤ ਸਿੰਘ ਨੇ ਦਰਵਾਜ਼ਾ ਕਿਸੇ ਤਰ੍ਹਾਂ ਖੋਲ੍ਹਿਆ। ਕਮਰੇ ਵਿੱਚ ਉਸ ਦੀ ਧੀ ਪੰਖੇ ਨਾਲ ਲਟਕੀ ਹੋਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਨਾਨਕਪੁਰਾ ਵੈਸਟ ਇਲਾਕੇ ਵਿੱਚ ਕਿਸੇ ਕੁੜੀ ਨੇ ਖੁਦਕੁਸ਼ੀ ਕਰ ਲਈ ਹੈ। ਪਰਮਜੀਤ ਸਿੰਘ ਦੀ ਪਤਨੀ ਦਿੱਲੀ ਕੰਮ ਕਰਦੀ ਹੈ ਹੁਣ ਅਗਲੀ ਕਾਰਵਾਈ ਉਸ ਦੀ ਪਤਨੀ ਦੇ ਆਉਣ ਤੋਂ ਬਾਅਦ ਹੀ ਕੀਤੀ ਜਾਵੇਗੀ।