ਜਲੰਧਰ: ਪੰਜਾਬ ਸਰਕਾਰ ਨਸ਼ਿਆ ਨੂੰ ਖ਼ਤਮ ਕਰਨ ਲਈ ਕਈ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਪਰ, ਸਰਕਾਰ ਦੇ ਸਾਰੇ ਦਾਅਵੇ ਉਸ ਵੇਲੇ ਝੂਠੇ ਪੈਂਦੇ ਹੋਏ ਵਿਖਾਈ ਦਿੱਤੇ ਜਦ ਨਸ਼ਿਆ ਕਾਰਨ ਕਈ ਨੌਜਵਾਨ ਆਪਣੀ ਜਾਨ ਗਵਾ ਬੈਠੇ। ਕਸਬਾ ਫਿਲੌਰ ਵਿੱਚ ਪਿੰਡ ਮਸਾਣੀ 'ਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਨੌਜਵਾਨ ਦੀ ਲਾਸ਼ ਤੋਂ ਇੰਜੈਕਸ਼ਨ ਤੇ ਸਰਿੰਜਾਂ ਮਿਲੀਆਂ ਹਨ। ਮ੍ਰਿਤਕ ਦੀ ਪਛਾਣ ਚਰਨਜੀਤ ਕੁਮਾਰ ਵਜੋਂ ਹੋਈ ਹੈ।
ਪਿੰਡ ਵਾਲਿਆਂ ਨੇ ਪੁਲਿਸ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਕਰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਐਸਐਚਓ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮਸਾਣੀ ਦੇ ਖੁਅ ਕੋਲ ਚਰਨਜੀਤ ਕੁਮਾਰ ਯੁਵਕ ਦੀ ਮੌਤ ਹੋ ਗਈ ਲੇਕਿਨ ਮੌਤ ਦੇ ਕਾਰਨ ਹਾਲੇ ਤੱਕ ਪਤਾ ਨਹੀਂ ਚੱਲਿਆ ਹੈ। ਨਸ਼ੇ ਬਾਰੇ ਕੁਝ ਸਵਾਲ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪਤਾ ਚੱਲੇਗਾ ਕਿ ਮੌਤ ਨਸ਼ੇ ਦੇ ਕਾਰਨ ਹੋਈ ਹੈ ਜਾਂ ਕਿਸੇ ਹੋਰ ਵਜ੍ਹਾ ਨਾਲ ਹੋਈ ਹੈ।
ਮ੍ਰਿਤਕ ਚਰਨਜੀਤ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੱਲ੍ਹ ਰਾਤ ਤੋਂ ਘਰ ਨਹੀਂ ਆਇਆ ਅੱਜ ਸਵੇਰੇ ਉਸ ਨੇ ਪਿੰਡ ਵਾਲਿਆਂ ਤੋਂ ਪਤਾ ਚੱਲਿਆ ਕਿ ਉਸ ਦੇ ਪੁੱਤਰ ਦੀ ਮੌਤ ਹੋ ਗਈ ਹੈ। ਚਰਨਜੀਤ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦੀ ਹੱਤਿਆ ਕੀਤੀ ਗਈ ਹੈ। ਨਸ਼ੇ ਕਾਰਨ ਉਸ ਦੇ ਪੁੱਤਰ ਦੀ ਮੌਤ ਨਹੀਂ ਹੋਈ ਹੈ ਅਤੇ ਉਨ੍ਹਾਂ ਦਾ ਪੁੱਤਰ ਨਸ਼ਾ ਨਹੀਂ ਕਰਦਾ ਸੀ।