ਜਲੰਧਰ: ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਉਥੇ ਹੀ ਜੇਕਰ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਖ਼ਤਮ ਹੁੰਦੀ ਜਾ ਰਹੀ ਹੈ। ਜਿਸ ਦੀ ਤਾਜ਼ਾ ਉਦਹਾਰਨ ਜਲੰਧਰ 'ਚ ਦੇਖਣ ਨੂੰ ਮਿਲੀ। ਜਿਥੇ ਐਂਬੂਲੈਂਸ ਚਾਲਕ ਵਲੋਂ ਪੈਸੇ ਪੂਰੇ ਨਾ ਦੇਣ ਦੇ ਚੱਲਦਿਆਂ ਮਰੀਜ਼ ਨੂੰ ਸੜਕ 'ਤੇ ਹੀ ਉਤਾਰ ਦਿੱਤਾ। ਇਸ ਮਰੀਜ਼ ਕੋਰੋਨਾ ਪੌਜ਼ੀਟਿਵ ਨਹੀਂ ਸੀ ਪਰ ਇਸ ਦੀ ਲੱਤ 'ਚ ਪਰੇਸ਼ਾਨੀ ਸੀ, ਜਿਸ ਕਾਰਨ ਉਹ ਸੜਕ 'ਤੇ ਤੜਫਦਾ ਦਿਖਾਈ ਦੇ ਰਿਹਾ ਸੀ।
ਇਸ ਸਬੰਧੀ ਪੀੜ੍ਹਤ ਦਾ ਕਹਿਣਾ ਕਿ ਉਸ ਨੂੰ ਇਲਾਜ ਲਈ ਰੂਬੀ ਹਸਪਤਾਲ 'ਚ ਲੱਤ ਦਾ ਇਲਾਜ ਕਰਵਾਉਣ ਲਈ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਪ੍ਰਸ਼ਾਸਨ ਵਲੋਂ ਮਰੀਜ਼ ਨੂੰ ਸ੍ਰੀਮਾਨ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਲੋਂ ਹੀ ਸਾਰੀ ਗੱਲਬਾਤ ਕਰਕੇ ਉਸ ਨੂੰ ਰਾਤ ਸਮੇਂ ਰੈਫਰ ਕੀਤਾ ਗਿਆ। ਪੀੜ੍ਹਤ ਦਾ ਕਹਿਣਾ ਕਿ ਐਂਬੂਲੈਂਸ ਚਾਲਕ ਵਲੋਂ ਉਸ ਕੋਲੋਂ ਜ਼ਿਆਦਾ ਪੈਸੇ ਮੰਗੇ ਗਏ ਅਤੇ ਪੈਸੇ ਨਾ ਮਿਲਣ ਦੇ ਚੱਲਦਿਆਂ ਚਾਲਕ ਵਲੋਂ ਉਸ ਨੂੰ ਨਾਮਦੇਵ ਚੌਂਕ 'ਤੇ ਹੀ ਉਤਾਰ ਦਿੱਤਾ ਗਿਆ।
ਇਸ ਸਬੰਧੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਉਨ੍ਹਾਂ ਨੂੰ ਫੋਨ ਆਇਆ ਸੀ, ਜਿਸ 'ਤੇ ਉਹ ਤੁਰੰਤ ਮੌਕੇ 'ਤੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਪੀੜ੍ਹਤ ਦੇ ਪਰਿਵਾਰ ਨੂੰ ਫੋਨ ਕੀਤਾ ਗਿਆ, ਜੋ ਕੇ ਮੌਕੇ 'ਤੇ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਪਰਿਵਾਰ ਪੀੜ੍ਹਤ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾ ਰਿਹਾ ਹੈ।