ਜਲੰਧਰ: ਦੁਨੀਆਂ ਵਿੱਚ ਜੇਕਰ ਅੱਜ ਕਿਸੇ ਦੀ ਗੱਲ ਹੋ ਰਹੀ ਹੈ ਤਾਂ ਉਹ ਹੈ ਕੋਰੋਨਾ ਵਾਇਰਸ। ਇਹ ਵਾਇਰਸ ਦੁਨੀਆਂ ਭਰ 'ਚ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਕਾਰਨ 7 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਤੇ ਕਰੀਬ 2 ਲੱਖ ਲੋਕ ਇਸ ਵਾਇਰਸ ਨਾਲ ਪੀੜਤ ਹਨ। ਕਈ ਦੇਸ਼ਾਂ ਦੀਆਂ ਸਰਕਾਰਾਂ ਇਸ ਵਾਇਰਸ ਤੋਂ ਬਚਾਅ ਲਈ ਉਪਾਅ ਕਰ ਰਹੀਆਂ ਹਨ।
ਕੋਰੋਨਾ ਵਾਇਰਸ ਤੋਂ ਬਚਾਅ ਰੱਖਣ ਲਈ ਸਰਕਾਰਾਂ ਮਾਸਕ ਲਗਾਉਣ ਦੇ ਸੁਝਾਅ ਦੇ ਰਹੀਆਂ ਹਨ। ਮਹਾਂਮਾਰੀ ਦੇ ਲਪੇਟ 'ਚ ਆ ਰਹੇ ਭਾਰਤ 'ਚ ਕੁੱਝ ਦੁਕਾਨਦਾਰ ਅਜਿਹੇ ਹਨ, ਜਿਨ੍ਹਾਂ ਨੇ ਇਸ ਮੌਕੇ ਵੀ ਮੁਨਾਫ਼ਾ ਕਮਾਉਣ ਦਾ ਧੰਦਾ ਫੜਿਆ ਹੋਇਆ ਹੈ। ਇਸ ਵੇਲੇ ਮਾਸਕ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਉਛਾਲ ਆਇਆ ਹੋਇਆ ਹੈ।
ਪਰ ਜਲੰਧਰ 'ਚ ਕੁਝ ਮਹਿਲਾਵਾਂ ਵੱਲੋਂ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਮਾਸਕ ਬਣਾਏ ਜਾ ਰਹੇ ਹਨ, ਤਾਂ ਜੋ ਉਹ ਦੁਕਾਨਦਾਰਾਂ ਦੀ ਲੁੱਟ ਤੋਂ ਬੱਚ ਸਕਣ। ਇਹ ਮਾਸਕ ਲੋਕਾਂ ਨੂੰ ਬਿਲਕੁਲ ਮੁਫ਼ਤ ਲੰਗਰ 'ਚ ਵੰਡੇ ਜਾਣਗੇ। ਰੀਮਾ ਸੋਨੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਦਦ ਕਰਨ ਲਈ ਕਰੀਬ ਢਾਈ ਸੌ ਮਹਿਲਾਵਾਂ ਕੰਮ ਕਰਵਾ ਰਹੀਆਂ ਹਨ, ਜਿਸ ਦਾ ਮੁੱਖ ਮਕਸਦ ਸਿਰਫ ਲੋੜਵੰਦ ਲੋਕਾਂ ਨੂੰ ਮਾਸਕ ਦੇ ਕੇ ਉਨ੍ਹਾਂ ਦੀ ਮਦਦ ਕਰਨਾ ਹੈ।
ਕਈ ਮਹਿਲਾਵਾਂ ਮਿਲ ਕੇ ਇਸ ਕੰਮ ਵਿੱਚ ਜੁਟੀਆਂ ਹੋਈਆਂ ਹਨ ਤੇ ਉਨ੍ਹਾਂ ਲਈ ਇਹ ਕੰਮ ਸਮਾਜ ਸੇਵਾ ਤੋਂ ਘੱਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਨੂੰ ਜਲੰਧਰ ਦੇ ਦੇਵੀ ਤਲਾਬ ਮੰਦਰ ਦੇ ਬਾਹਰ ਲੋਕਾਂ ਨੂੰ ਵੰਡਣਗੇ ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਵਿੱਚ ਵੰਡਣਗੇ।
ਜਲੰਧਰ ਦੀਆਂ ਇਨ੍ਹਾਂ ਮਹਿਲਾਵਾਂ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਤੋਂ ਉਨ੍ਹਾਂ ਲਾਲਚੀ ਦੁਕਾਨਦਾਰਾਂ ਨੂੰ ਸਬਕ ਲੈਣ ਦੀ ਲੋੜ ਹੈ ਜਿਹੜੇ ਮਹਾਂਮਾਰੀ ਦੇ ਇਸ ਦੌਰ 'ਚ ਵੀ ਇਨਸਾਨੀਅਤ ਨੂੰ ਪਿੱਛੇ ਰੱਖ ਆਪਣੀ ਕਮਾਈ ਨੂੰ ਜ਼ਿਆਦਾ ਤਵੱਜੋ ਦੇ ਰਹੇ ਹਨ।