ਜਲੰਧਰ: ਦੁਨੀਆਂ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦੇ ਡਰ ਨਾਲ ਲੋਕਾਂ ਨੇ ਘਰੋਂ ਬਾਹਰ ਨਿਕਲਣਾ ਘੱਟ ਕਰ ਦਿੱਤਾ ਹੈ। ਅਜਿਹੇ 'ਚ ਕੋਰੋਨਾ ਵਾਇਰਸ ਤੋਂ ਸਾਵਧਾਨ ਰਹਿਣ ਲਈ ਭਾਰਤੀ ਰੇਲਵੇ ਵੱਲੋਂ ਵੀ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਰੇਲਵੇ ਵੱਲੋਂ ਲਗਾਤਾਰ ਮੁਸਾਫ਼ਰਾਂ ਨੂੰ ਮਹਾਂਮਾਰੀ ਦੀ ਜਾਣਕਾਰੀ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਰੇਲਵੇ ਨੇ ਲੱਖਾਂ ਹੀ ਟਿਕਟਾਂ ਨੂੰ ਕੈਂਸਲ ਕਰ ਦਿੱਤਾ ਹੈ।
ਰੇਲਵੇ ਦੀ ਫ਼ਿਰੋਜ਼ਪੁਰ ਡਵੀਜ਼ਨ ਨੂੰ ਕੋਰੋਨਾ ਕਰਕੇ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ। ਫਿਰੋਜ਼ਪੁਰ ਡਿਵੀਜ਼ਨ ਅਧੀਨ ਹੁਣ ਤੱਕ ਕਰੀਬ ਸਵਾ 3 ਲੱਖ ਯਾਤਰੀ ਆਪਣੀਆਂ ਟਿਕਟਾਂ ਕੈਂਸਲ ਕਰਾ ਚੁੱਕੇ ਹਨ ਅਤੇ ਇਸ ਦੇ ਬਦਲੇ ਰੇਲਵੇ ਮਹਿਕਮਾ ਉਨ੍ਹਾਂ ਨੂੰ ਇੱਕ ਮਾਰਚ ਤੋਂ ਲੈ ਕੇ 16 ਮਾਰਚ ਤੱਕ ਕਰੀਬ 2 ਕਰੋੜ 79 ਲੱਖ ਰੁਪਏ ਦਾ ਰਿਫੰਡ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਕੋਰੋਨਾ ਦੇ ਚੱਲਦੇ ਇੱਕ ਟਰੇਨ ਜੋ ਕਿ ਦਿੱਲੀ ਤੋਂ ਪਠਾਨਕੋਟ ਜਾਂਦੀ ਹੈ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਕਰਕੇ ਅੱਜ ਨਾ ਸਿਰਫ ਬੱਸ ਸਟੈਂਡ ਬਲਕਿ ਰੇਲਵੇ ਸਟੇਸ਼ਨ ਵੀ ਖਾਲੀ ਨਜ਼ਰ ਆ ਰਹੇ ਹਨ।
ਕੋਰੋਨਾ ਕਾਰਨ ਪੱਛਮੀ ਰੇਲਵੇ ਨੇ ਦਰਜਨਾਂ ਰੇਲਵੇ ਸਟੇਸ਼ਨਾਂ ’ਤੇ ਪਲੇਟਫ਼ਾਰਮ ਟਿਕਟ ਦੀਆਂ ਕੀਮਤਾਂ ਕਈ ਗੁਣਾ ਵਧਾ ਦਿੱਤੀਆਂ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਭੀੜ ਨੂੰ ਘੱਟ ਕੀਤਾ ਜਾਵੇਗਾ। ਸੂਬਾ ਸਰਕਾਰਾਂ ਨੇ ਸਫ਼ਾਈ ਮੁਹਿੰਮਾਂ ਛੇੜ ਦਿੱਤੀਆਂ ਹਨ। ਮੈਟਰੋ, ਸਰਕਾਰੀ ਬੱਸਾਂ, ਰੇਲ–ਗੱਡੀਆਂ ਤੇ ਦਫ਼ਤਰਾਂ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਰਕੇ ਪੰਜਾਬ ਸਮੇਤ ਸਮੁੱਚੇ ਭਾਰਤ ਦੇ ਮਲਟੀਪਲੈਕਸ, ਸਿਨੇਮਾਘਰ, ਵਿਦਿਅਕ ਸੰਸਥਾਵਾਂ, ਜਿੰਮ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ।