ਜਲੰਧਰ: ਪੰਜਾਬੀ ਗਾਇਕ ਬੱਬੂ ਮਾਨ ਵਿਰੁੱਧ ਮਰਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ’ਚ ਮਰਾਸੀ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਬੱਬੂ ਮਾਨ ਇੱਕ ਅਪਮਾਨਯੋਗ ਟਿੱਪਣੀ ਕਰ ਰਹੇ ਹਨ। ਇਸ ਦੌਰਾਨ ਮਰਾਸੀ ਭਾਈਚਾਰੇ ਵੱਲੋਂ ਬੱਬੂ ਮਾਨ ਖਿਲਾਫ ਐੱਸ.ਪੀ. ਫਗਵਾੜਾ ਮਨਵਿੰਦਰ ਸਿੰਘ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਸ਼ਿਕਾਇਤਕਰਤਾ ਰਫ਼ੀਕ ਮੁਹੰਮਦ ਨੇ ਆਪਣੇ ਸਾਥੀਆਂ ਸਮੇਤ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਇੱਕ ਵੀਡੀਓ ’ਚ ਤਜਿੰਦਰ ਮਾਨ ਉਰਫ਼ ਬੱਬੂ ਮਾਨ ਵੱਲੋਂ ਮਰਾਸੀ ਭਾਈਚਾਰੇ ਦੀਆਂ ਔਰਤਾਂ ਵਿਰੁੱਧ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ। ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਜਿਸ ਦੀ ਸੀ. ਡੀ. ਵੀ ਉਨ੍ਹਾਂ ਐੱਸ. ਪੀ. ਨੂੰ ਦਿੱਤੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬੱਬੂ ਮਾਨ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਵੀਡੀਓ ਨੂੰ ਅਪਲੋਡ ਕੀਤਿਆਂ ਨੂੰ ਕਾਫ਼ੀ ਸਮਾਂ ਹੋ ਚੁੱਕਿਆ ਹੈ। ਸੀ. ਡੀ. ਜਾਂਚ ਲਈ ਲੈਬੋਰਟਰੀ ਭੇਜ ਦਿੱਤੀ ਗਈ ਹੈ। ਜਿਸ ਦੀ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਆਪਣਾ ਪੱਖ ਰੱਖਣ ਲਈ ਤਜਿੰਦਰ ਮਾਨ ਉਰਫ਼ ਬੱਬੂ ਮਾਨ ਨੂੰ ਥਾਣਾ ਸਿਟੀ ਫਗਵਾੜਾ ਵਿਖੇ ਬੁਲਾਇਆ ਜਾਵੇਗਾ।