ਜਲੰਧਰ: ਕਿਸਾਨ ਯੂਨੀਅਨ ਵੱਲੋਂ ਬਿਜ਼ਲੀ ਮੁਲਾਜ਼ਮਾਂ ਨਾਲ ਕੀਤੀ ਗਈ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਕਿਸਾਨ ਯੂਨੀਅਨ ਦੇ ਪ੍ਰਧਾਨ ਬਿਜਲੀ ਕਰਮਚਾਰੀਆਂ ਨੂੰ ਉੱਠਕ ਬੈਠਕ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਬਿਜਲੀ ਕਰਮਚਾਰੀਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਥਾਣਾ ਕਰਤਾਰਪੁਰ ਦੇ ਅਧੀਨ ਪੈਂਦੇ ਪਾਵਰਕਾਮ ਫੀਡਰ ਦੀ ਹੈ। ਇਸ ਵਿੱਚ ਆਪਣੇ ਆਪ ਨੂੰ ਜਸਬੀਰ ਸਿੰਘ ਨਿੱਕਾ ਕਹਿਣ ਵਾਲਾ ਸ਼ਖਸ ਕਿਸਾਨ ਆਗੂ ਹੈ ਅਤੇ ਉਹ ਕਰਮਚਾਰੀਆਂ ਨੂੰ ਧਮਕੀਆਂ ਦੇ ਰਿਹਾ ਹੈ ਕਿ ਜੇਕਰ ਰਾਤ 8 ਵਜੇ ਤੋਂ ਪਹਿਲਾਂ ਲਾਈਟ ਬੰਦ ਕੀਤੀ ਤਾਂ ਉਨ੍ਹਾਂ ਨਾਲ ਚੰਗਾ ਨਹੀਂ ਹੋਵੇਗਾ। ਇਸ ਤੋਂ ਕੁਝ ਸਮੇਂ ਬਾਅਦ ਉਹ ਦੋਵੇਂ ਕਰਮਚਾਰੀਆਂ ਨੂੰ ਉੱਠਕ ਬੈਠਕਾਂ ਕਢਵਾਉਂਦੇ ਹੋਏ ਨਜ਼ਰ ਆ ਰਹੇ ਹਨ।
ਡੀਐੱਸਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਇਸ ਗੱਲ ਦੀ ਸ਼ਿਕਾਇਤ ਦਿੱਤੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।