ਜਲੰਧਰ :ਕੋਰੋਨਾ ਮਹਾਂਮਾਰੀ ਦੇ ਸਮੇਂ ਵਿੱਚ ਜਿਥੇ ਹਸਪਤਾਲਾਂ, ਮੈਡੀਕਲ ਸਟੋਰਾਂ ਤੇ ਐਬੂਲੈਂਸ ਡਰਾਈਵਰਾਂ ਵੱਲੋਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੂੰ ਲੁੱਟਣ ਦੇ ਮਾਮਲੇ ਆਮ ਵੇਖਣ ਨੂੰ ਮਿਲਦੇ ਹਨ, ਉਥ ਹੀ ਜਲੰਧਰ ਵਿਖੇ ਇੱਕ ਸਮਾਜ ਸੇਵੀ ਸੰਸਥਾ ਆਖਰੀ ਉਮੀਦ ਵੱਲੋਂ ਲੋੜਵੰਦ ਲੋਕਾਂ ਲਈ ਮਹਿਜ਼ 11 ਰੁਪਏ ਵਿੱਚ ਐਂਮਬੂਲੈਂਸ ਸੇਵਾ ਦਿੱਤੀ ਜਾ ਰਹੀ ਹੈ।
ਇਸ ਬਾਰੇ ਦੱਸਦੇ ਹੋ ਆਖਰੀ ਉਮੀਦ ਸੰਸਥਾ ਦੇ ਸੰਚਾਲਕ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲੋੜਵੰਦਾਂ ਲਈ ਇਹ ਸੇਵਾ ਸ਼ੁਰੂ ਕੀਤੀ ਗਈ ਹੈ। ਕਿਉਂਕਿ ਪਹਿਲਾਂ ਹੀ ਮਹਾਂਮਾਰੀ ਦੇ ਚਲਦੇ ਲੋਕਾਂ ਦੇ ਕਾਰੋੇਬਾਰ ਠੱਪ ਪੈ ਗਏ ਹਨ। ਅਜਿਹੇ 'ਚ ਗਰੀਬ ਲੋਕਾਂ ਲਈ ਦਵਾਈਆਂ ਦਾ ਖ਼ਰਚ ਐਂਮਬੂਲੈਂਸ ਆਦਿ ਦਾ ਖਰਚਾ ਚੁੱਕਣਾ ਬੇਹਦ ਔਖਾ ਹੈ। ਇਸ ਲਈ ਉਨ੍ਹਾਂ ਵੱਲੋਂ ਮਹਿਜ਼ 11 ਰੁਪਏ 'ਚ ਐਂਮਬੂਲੈਂਸ ਸੇਵਾ ਦਿੱਤੀ ਜਾ ਰਹੀ ਹੈ। ਮਹਿਜ਼ 11 ਰੁਪਏ 'ਚ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਜਾਂ ਮ੍ਰਿਤਕ ਦੇਹ ਨੂੰ ਅੰਤਮ ਸਸਕਾਰ ਲਈ ਸ਼ਮਸ਼ਾਨ ਘਾਟ ਲਿਜਾਣ ਦੀ ਸੇਵਾ ਕੀਤੀ ਜਾ ਰਹੀ ਹੈ।
ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਉਨ੍ਹਾਂ ਨੇ ਆਪਣੀ ਟੀਮ ਨਾਲ ਰਲ ਕੇ ਤਕਰੀਬਨ 500 ਕੋਰੋਨਾ ਮਰੀਜ਼ਾਂ ਦੀ ਮੌਤ ਮਗਰੋਂ ਅੰਤਮ ਸਸਕਾਰ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਐਂਬੂਲੈਂਸ ਦੀ ਲੋੜ ਪੈਂਦੀ ਸੀ ਤੇ ਇਸ ਦੌਰਾਨ ਐਮਬੂਲੈਂਸ ਡਰਾਈਵਰ ਮਨਮਰਜੀ ਦੀ ਕੀਮਤ ਵਸੂਲਦੇ ਸਨ। ਜਿਸ ਕਾਰਨ ਉਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ।
ਇਸ ਐਬੂਲੈਂਸ ਸੇਵਾ ਦਾ ਲਾਭ ਲੈ ਚੁੱਕੇ ਤੇ ਇਸ ਤੋਂ ਪ੍ਰਭਾਵਿਤ ਹੋਏ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੇ ਕਿਸੇ ਆਪਣੇ ਦੀ ਮੌਤ ਤੋਂ ਬਾਅਦ ਜਦ ਅੰਤਿਮ ਸੰਸਕਾਰ ਕਰਨ ਲਈ ਕੋਈ ਵੀ ਰਿਸ਼ਤੇਦਾਰ ਤੇ ਕਰੀਬੀ ਨਹੀਂ ਆਇਆ ਤਾਂ ਉਨ੍ਹਾਂ ਨੇ ਆਖ਼ਰੀ ਉਮੀਦ ਸਮਾਜ ਸੇਵੀ ਸੰਸਥਾ ਨਾਲ ਸੰਪਰਕ ਕੀਤਾ। ਜਿਸ ਮਗਰੋਂ ਉਹ ਇਸ ਸੰਸਥਾ ਦੀ ਮਦਦ ਨਾਲ ਮ੍ਰਿਤਕ ਦਾ ਅੰਤਮ ਸਸਕਾਰ ਕੀਤਾ ਗਿਆ। ਮੌਜੂਦਾ ਸਮੇਂ 'ਚ ਹੁਣ ਉਹ ਵੀ ਸੰਸਥਾ ਨਾਲ ਜੁੜ ਕੇ ਲੋਕ ਸੇਵਾ ਕਰ ਰਹੇ ਹਨ।