ਜਲੰਧਰ: ਜਿਥੇ ਕਈ ਲੋਕ ਸੰਤਾਨ ਪਾਉਣ ਲਈ ਪੂਜਾ ਪਾਠ ਤੇ ਕਈ ਅਰਦਾਸਾਂ ਕਰਦੇ ਹਨ, ਉਥੇ ਹੀ ਕੁੱਝ ਲੋਕ ਨਵਜੰਮੇ ਬੱਚਿਆਂ ਨੂੰ ਮਰਨ ਲਈ ਛੱਡ ਦਿੰਦੇ ਹਨ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਅਜਿਹਾ ਹੀ ਮਾਮਲਾ ਜਲੰਧਰ 'ਚ ਸਾਹਮਣੇ ਆਇਆ ਹੈ। ਇਥੇ ਦੋ ਦਿਨ ਪਹਿਲਾਂ ਬੂਟਾ ਪਿੰਡ ਵਿਖੇ ਝਾੜੀਆਂ 'ਚ ਮਿਲੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਥਾਣੇ ਦੇ ਐਸਐਚਓ ਸੁਰਜੀਤ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਸ਼ਹਿਰ ਦੇ ਬੂਟਾ ਪਿੰਡ ਵਿਖੇ ਝਾੜੀਆਂ 'ਚ ਇੱਕ ਨਵਜਾਤ ਬੱਚਾ ਮਿਲਿਆ ਸੀ। ਏਐਸਆਈ ਰਾਕੇਸ਼ ਕੁਮਾਰ ਨੂੰ ਪੀਸੀਆਰ ਮੁਲਾਜ਼ਮਾਂ ਵੱਲੋਂ ਇਹ ਜਾਣਕਾਰੀ ਮਿਲੀ ਸੀ ਕਿ ਬੂਟਾ ਪਿੰਡ ਇਲਾਕੇ ਵਿੱਚ ਇੱਕ ਖਾਲੀ ਪਲਾਂਟ ਵਿੱਚ ਨਵਜੰਮਿਆ ਬੱਚਾ ਮਿਲਿਆ ਹੈ, ਜਿਸ ਨੂੰ ਇੱਕ ਔਰਤ ਨੇ ਕੱਪੜੇ ਵਿੱਚ ਲਪੇਟ ਕੇ ਰੱਖਿਆ ਹੋਇਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਦੇ ਮੌਕੇ 'ਤੇ ਪੁੱਜ ਕੇ ਮਦਦ ਕਰਨ ਵਾਲੀ ਮਹਿਲਾ ਕਰਮਜੀਤ ਕੌਰ ਦੀ ਮਦਦ ਨਾਲ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਇਲਾਜ ਦੇ ਦੌਰਾਨ ਬੱਚੇ ਦੀ ਮੌਤ ਹੋ ਗਈ।
![ਬੱਚੇ ਦੀ ਇਲਾਜ ਦੌਰਾਨ ਹੋਈ ਮੌਤ](https://etvbharatimages.akamaized.net/etvbharat/prod-images/8352370_560_8352370_1596959506787.png)
ਪੁਲਿਸ ਵੱਲੋਂ ਮਦਦ ਕਰਨ ਵਾਲੀ ਮਹਿਲਾ ਕਰਮਜੀਤ ਦੇ ਬਿਆਨਾਂ ਦੇ ਅਧਾਰ 'ਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਮੁਕੇਸ਼ ਨਾਂਅ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਅਜੇ ਮੁਲਜ਼ਮ ਕੋਲੋਂ ਇਸ ਸਬੰਧੀ ਪੁੱਛਗਿੱਛ ਜਾਰੀ ਹੈ।
ਮੁਲਜ਼ਮ ਨੇ ਆਪਣਾ ਅਪਰਾਧ ਕਬੂਲ ਕੀਤਾ ਕਿ ਉਸ ਦੇ ਵਿਹੜੇ 'ਚ ਰਹਿਣ ਵਾਲੇ ਇੱਕ ਵਿਅਕਤੀ ਦੀ ਸਾਲੀ ਸਾਹਨਾ ਨਾਲ ਉਸ ਪ੍ਰੇਮ ਸਬੰਧ ਸਨ। ਉਕਤ ਮਹਿਲਾ ਗਰਭਵਤੀ ਸੀ ਅਤੇ ਘਰ 'ਚ ਬੱਚੇ ਨੂੰ ਜਨਮ ਦੇਣ ਮਗਰੋਂ ਉਹ ਖਾਲ੍ਹੀ ਪਲਾਟ 'ਚ ਬੱਚੇ ਨੂੰ ਸੁੱਟ ਆਈ ਸੀ। ਇਸ ਮਾਮਲੇ 'ਚ ਮੁਲਜ਼ਮ ਮਹਿਲਾ ਫਰਾਰ ਹੈ। ਪੁਲਿਸ ਵੱਲੋਂ ਉਸ ਦੀ ਭਾਲ ਜਾਰੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਧਾਰਾ 317,315 ਆਈਪੀਐੱਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।