ਜਲੰਧਰ: ਛਾਉਣੀ ਇਲਾਕੇ ਦੇ ਲਾਲ ਕੁੜਤੀ ਵਿੱਚ ਉਸ ਵੇਲੇ ਮਹੌਲ ਸਨਸਨੀ ਵਾਲਾ ਹੋ ਗਿਆ ਜਦੋਂ ਇੱਕ 17 ਵਰ੍ਹਿਆਂ ਦੇ ਨਾਬਾਲਗ ਦਾ ਕਤਲ ਹੋ ਜਾਣ ਦੀ ਖ਼ਬਰ ਸਾਹਮਣੇ ਆਈ। ਮ੍ਰਿਤਕ ਦੀ ਪਛਾਣ ਅਰਮਾਨ ਵਜੋਂ ਹੋਈ ਹੈ। ਕਤਲ ਹੋਣ ਸਮੇਂ ਅਮਰਾਨ ਘਰ ਵਿੱਚ ਇੱਕਲਾ ਸੀ। ਜਦੋਂ ਘਰ ਵਾਲਿਆਂ ਨੇ ਅਰਮਾਨ ਨੂੰ ਵੇਖਿਆ ਤਾਂ ਅਰਮਾਨ ਦੀ ਲਾਸ਼ ਘਰ ਦੇ ਕਮਰੇ ਵਿੱਚ ਖੂਨ ਨਾਲ ਲਥਪਥ ਪਈ ਸੀ। ਇਸ ਮੌਕੇ ਪਰਿਵਾਰ ਨੇ ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਅਰਮਾਨ 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਦੇ ਪਿਤਾ ਵਿਦੇਸ਼ ਵਿੱਚ ਹਨ ਅਤੇ ਮਾਤਾ ਤੇ ਭੈਣ ਹਿਮਾਚਲ ਪ੍ਰਦੇਸ਼ ਕਿਸੇ ਨਿੱਜੀ ਕੰਮ ਲਈ ਗਏ ਹੋਏ ਸਨ। ਇਸ ਵੇਲੇ ਮ੍ਰਿਤਕ ਦੇ ਨਾਲ ਚਾਚਾ, ਚਾਚੀ ਅਤੇ ਹੋਰ ਪਰਿਵਾਰਕ ਮੈਂਬਰ ਸਨ।
ਮ੍ਰਿਤਕ ਦੀ ਚਾਚੀ ਜਸਬੀਰ ਕੌਰ ਨੇ ਦੱਸਿਆ ਕਿ ਉਹ ਬਾਜ਼ਾਰ ਵਿੱਚ ਗਏ ਸਨ ਤਾਂ ਅਰਮਾਨ ਉਸ ਵੇਲੇ ਘਰ ਵਿੱਚ ਇੱਕਲਾ ਸੀ। ਜਦੋਂ ਉਹ ਵਾਪਸ ਆਏ ਤਾਂ ਗੁਆਂਢ ਵਿੱਚ ਰਹਿੰਦਾ ਉਸ ਦਾ ਦੋਸਤ ਉਸ ਨੂੰ ਮਿਲਣ ਆਇਆ ਅਤੇ ਉਸ ਨੇ ਉਸ ਦੇ ਕਮਰੇ ਵਿੱਚ ਜਾ ਕੇ ਵੇਖਿਆ ਤਾਂ ਅਰਮਾਨ ਬੇਸੁੱਦ ਹਾਲਤ ਵਿੱਚ ਖੂਨ ਨਾਲ ਲੱਥਪੱਥ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਗਰੋਂ ਅਰਮਾਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਸੀਪੀ (ਅਮਨ ਤੇ ਕਾਨੂੰਨ) ਬਲਕਾਰ ਸਿੰਘ ਨੇ ਕਿਹਾ ਮਾਮਲੇ ਦੀ ਕਈ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ 2 ਟੀਮਾਂ ਵੀ ਗਠਤ ਕਰ ਦਿੱਤੀਆਂ ਹਨ ਅਤੇ ਜਲਦ ਹੀ ਜ਼ਿੰਮੇਵਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।