ਹੁਸ਼ਿਆਰਪੁਰ: ਕਰਜ਼ੇ ‘ਚ ਡੁੱਬੇ ਕਿਸਾਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਵੀਰਵਾਰ ਨੂੰ ਕਿਹਾ ਕਿ ਪੰਜਾਬ ਦੀ ਜਨਤਾ ਕੈਪਟਨ ਦੀਆਂ ਨੀਤੀਆਂ ਤੋਂ ਤੰਗ ਆ ਗਈ ਹੈ। ਕੈਪਟਨ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਲੋਕਾਂ ਨੂੰ ਪ੍ਰੇਸ਼ਾਨੀਆਂ ‘ਚ ਪਾ ਰਹੀ ਹੈ ਅਤੇ ਉਨ੍ਹਾਂ ਦੇ ਘਰਾਂ ਨੂੰ ਤਬਾਹ ਕਰ ਰਹੀ ਹੈ। ਕੈਪਟਨ ਸਰਕਾਰ ਕੇਵਲ ਝੂਠੀ ਸਰਕਾਰ ਹੀ ਨਹੀਂ ਹੈ, ਸਗੋਂ ਲਾਪਰਵਾਹੀ ਦੀ ਸਰਕਾਰ ਵੀ ਹੈ। ਹਰਪਾਲ ਸਿੰਘ ਚੀਮਾ ਦਸੂਹਾ ‘ਚ ਖੁਦਕੁਸ਼ੀ ਕਰਨ ਵਾਲੇ ਕਿਸਾਨ ਪਿਤਾ-ਪੁੱਤ ਦੇ ਘਰ ਦੁੱਖ ਪ੍ਰਗਟਾਉਣ ਪਹੁੰਚੇ, ਜਿੰਨ੍ਹਾਂ ਕਰਜ਼ੇ ਤੋਂ ਤੰਗ ਆ ਕੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਸ਼ੌਕ ਪ੍ਰਗਟਾਉਂਦੇ ਹੋਏ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮ੍ਰਿਤਕ ਪਿਤਾ-ਪੁੱਤ ਨੇ ਆਪਣੇ ਸੁਸਾਇਡ ਨੋਟ ‘ਚ ਉਨ੍ਹਾਂ ਦੇ ਕਰਜ਼ੇ ਮੁਆਫੀ ਦੇ ਝੂਠੇ ਵਾਅਦੇ ਨੂੰ ਆਪਣੀ ਖੁਦਕੁਸ਼ੀ ਦਾ ਕਾਰਨ ਦੱਸਿਆ।
ਕੈਪਟਨ ਅਮਰਿੰਦਰ ਨੇ ਆਪਣੇ ਚੁਣਾਵੀਂ ਘੋਸ਼ਣਾ ਪੱਤਰ ‘ਚ ਵਾਅਦਾ ਕੀਤਾ ਸੀ ਕਿ ਉਹ ਸਾਰੇ ਖੇਤੀ ਕਰਜ਼ਿਆਂ ਨੂੰ ਮੁਆਫ਼ ਕਰਨਗੇ ਅਤੇ ਕਿਸਾਨਾਂ ਨੂੰ ਕਰਜੇ ਤੋਂ ਮੁਕਤੀ ਦਿਵਾਉਣਗੇ। ਪਰ ਚਾਰ ਸਾਲ ਬੀਤ ਚੁੱਕੇ ਹਨ, ਇੱਕ ਵੀ ਰੁਪਇਆ ਮੁਆਫ਼ ਨਹੀਂ ਕੀਤਾ ਗਿਆ। ਇਸ ਰਾਹਤ ਦੀ ਉਡੀਕ ਕਰ ਰਹੇ ਕਿਸਾਨ ਹੁਣ ਨਿਰਾਸ਼ ਹੋ ਕੇ ਖੁਦਕੁਸ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਸੂਹਾ ਦੀ ਘਟਨਾ ਤੋਂ ਦੋ ਦਿਨ ਪਹਿਲਾਂ ਹੀ ਇਸ ਤਰ੍ਹਾਂ ਦੀ ਘਟਨਾ ਤਰਨਤਾਰਨ ‘ਚ ਵਾਪਰੀ ਸੀ। ਉਥੇ ਵੀ ਇੱਕ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕਿ ਖੁਦਕੁਸ਼ੀ ਕਰ ਲਈ। ਇਕ ਸਾਲ ਪਹਿਲਾਂ ਕਰਜ਼ੇ ਕਾਰਨ ਉਸੇ ਕਿਸਾਨ ਦੇ ਪੁੱਤਰ ਨੇ ਖੁਦਕੁਸ਼ੀ ਕੀਤੀ ਸੀ।
ਕਿਸਾਨਾਂ ਦੀ ਮੌਤ ਨਾਲ ਜੁੜੇ ਅੰਕੜਿਆਂ ’ਤੇ ਚਾਨਣਾ ਪਾਉਂਦਿਆਂ ਚੀਮਾ ਨੇ ਕਿਹਾ ਕਿ ਪਿਛਲੀ 24 ਜੂਨ ਤੋਂ 1 ਸਤੰਬਰ ਵਿੱਚ 65 ਤੋਂ ਜ਼ਿਆਦਾ ਕਿਸਾਨਾਂ ਨੇ ਕਰਜ਼ੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਪੰਜਾਬ ‘ਚ ਲਗਾਤਾਰ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਚੀਮਾ ਨੇ ਕਿਹਾ ਕਿ ਆਉਣ ਵਾਲੇ ਬਜ਼ਟ ਸੈਸ਼ਨ ‘ਚ ਆਮ ਆਦਮੀ ਪਾਰਟੀ ਇਨ੍ਹਾਂ ਦੁਖੀ ਕਿਸਾਨਾਂ ਦੀ ਆਵਾਜ਼ ਚੁੱਕੇਗੀ।