ਹੁਸ਼ਿਆਰਪੁਰ: ਪਿਛਲੇ ਕਾਫੀ ਸਮੇਂ ਤੋਂ ਗੜਸ਼ੰਕਰ-ਨੰਗਲ ਸੜਕ ਦੀ ਖਸਤਾ ਹਾਲਤ ਕਾਰਨ ਜਿੱਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਇਸ ਖਸਤਾ ਹਾਲਤ ਸੜਕ ਦੇ ਕਾਰਨ ਰੋਜਾਨਾ ਹਾਦਸੇ ਵਾਪਰ ਰਹੇ ਹਨ। ਇਸੇ ਪਰੇਸ਼ਾਨੀ ਨੂੰ ਦੇਖਦੇ ਹੋਏ ਸੜਕ ਨੂੰ ਬਣਾਉਣ ਲਈ ਕੰਢੀ ਸੰਘਰਸ਼ ਕਮੇਟੀ, ਕੁੱਲ ਹਿੰਦ ਕਿਸਾਨ ਸਭਾ ਅਤੇ ਸੜਕ ਬਣਾਓ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਰਿੰਦਰ ਸਿੰਘ ਮਾਨ ਪ੍ਰਧਾਨ ਟਰੱਕ ਯੂਨੀਅਨ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਨੰਗਲ ਰੋੜ ਤੇ ਟਰੱਕ ਯੂਨੀਅਨ ਸਾਹਮਣੇ ਵਿਸ਼ਾਲ ਧਰਨਾ ਦੇਕੇ ਚੱਕਾ ਜਾਮ ਕੀਤਾ ਗਿਆ।
ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਹੋਣ ਕਾਰਨ ਇੱਥੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਤਰਨਾਕ ਸੜਕ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 15 ਦਿਨਾਂ ਵਿੱਚ ਸੜਕ ਦਾ ਨਿਰਮਾਣ ਸ਼ੁਰੂ ਨਾ ਕੀਤਾ ਗਿਆ ਤਾਂ ਵੱਡੀ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।
ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਲਾਕੇ ਵਿਚ ਗੈਰਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇ ਅਤੇ ਟਿੱਪਰ, ਟਰਾਲੇ ਅਤੇ ਘੋੜੇ ਰਾਤ ਨੂੰ ਚਲਾਏ ਜਾਣ ਅਤੇ ਮਾਈਨਿੰਗ ਵਾਲਾ ਕੰਡਾ ਸ਼ਾਹਪੁਰ ਲਗਾਇਆ ਜਾਵੇ। ਇਸ ਮੌਕੇ ਤਹਿਸੀਲਦਾਰ ਮਨੋਹਰ ਲਾਲ ਅਤੇ ਡੀ.ਐਸ.ਪੀ ਨਰਿੰਦਰ ਸਿੰਘ ਔਜਲਾ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸਾਰਾ ਮਸਲਾ ਸਰਕਾਰ ਤੱਕ ਪਹੁੰਚਾ ਕੇ ਜਲਦ ਹੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਇਹ ਵੀ ਪੜੋ: ਅਗਨੀਪਥ ਸਕੀਮ ਦੇ ਖਿਲਾਫ ਯੁੱਥ ਕਾਂਗਰਸ ਦਾ ਵਿਰੋਧ ਪ੍ਰਦਰਸ਼ਨ