ਹੁਸ਼ਿਆਰਪੁਰ: ਜ਼ਿਲ੍ਹੇ ਦੇ ਮਾਹਿਲਪੁਰ ਵਿਖੇ ਉਸ ਸਮੇਂ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਜਦੋਂ ਦੋ ਦਰਜਨ ਦੇ ਕਰੀਬ ਵਿਦਿਆਰਥੀ ਸਕੂਲ ਦੇ ਬਾਹਰ ਆਪਸ ਚ ਭਿੜ ਗਏ। ਮਿਲੀ ਜਾਣਕਾਰੀ ਮੁਤਾਬਿਕ ਸਰਦਾਰ ਬਲਦੇਵ ਸਿੰਘ ਮਾਹਿਲਪੁਰੀ ਸਰਕਾਰੀ ਸੈਕੰਡਰੀ ਸਕੂਲ ਬਾਹਰ ਕਿਸੇ ਗੱਲ ਨੂੰ ਲੈ ਕੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ। ਦੱਸ ਦਈਏ ਕਿ ਇਹ ਸਾਰੇ ਹੀ ਵਿਦਿਆਰਥੀ ਬਾਰ੍ਹਵੀਂ ਪ੍ਰੀਖਿਆ ਦਾ ਆਖ਼ਰੀ ਪੇਪਰ ਦੇਣ ਆਏ ਸੀ। ਵਿਦਿਆਰਥੀਆਂ ਦੀ ਝੜਪ ਦੇ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ।
ਦੱਸ ਦਈਏ ਕਿ ਸਕੂਲ ਦੇ ਨੇੜੇ ਥਾਣਾ ਵੀ ਹੈ ਪਰ ਕਾਨੂੰਨ ਵਿਵਸਥਾ ਦਾ ਖੌਫ ਵਿਦਿਆਰਥੀਆਂ ’ਚ ਨਾ ਦਿਖਿਆ। ਦੱਸਿਆ ਜਾ ਰਿਹਾ ਹੈ ਕਿ ਪ੍ਰੀਖਿਆ ਦੇਣ ਆਏ ਵਿਦਿਆਰਥੀਆਂ ਵਿਚਾਲੇ ਕਿਸੇ ਗੱਲ ਨੂੰ ਪਹਿਲਾਂ ਬਹਿਸ ਹੋਈ ਸੀ ਇਸ ਤੋਂ ਬਾਅਦ ਇਸ ਬਹਿਸ ਨੇ ਖੂਨੀ ਰੂਪ ਧਾਰ ਲਿਆ। ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਕੁਝ ਵਿਦਿਆਰਥੀ ਇਨ੍ਹਾਂ ਨੂੰ ਛੁਡਾਉਣ ਦੀ ਵੀ ਕੋਸ਼ਿਸ਼ ਕਰ ਰਹੇ ਸੀ ਪਰ ਇਹ ਝਗੜਾ ਵਧਦਾ ਚਲਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਸ ਸਕੂਲ ਦੇ ਬਾਹਰ ਪਹਿਲਾਂ ਵੀ ਕਈ ਵਾਰ ਲੜਾਈ ਹੋ ਚੁੱਕੀ ਹੈ ਇਸ ਦੇ ਬਾਵਜੁਦ ਵੀ ਸਕੂਲ ਪ੍ਰਬੰਧਕਾਂ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਇਸ ਸਮੇਂ ਵੀ ਜਦੋ ਵਿਦਿਆਰਥੀਆਂ ਵਿਚਾਲੇ ਝਗੜਾ ਹੋਇਆ ਸੀ ਤਾਂ ਉਸ ਸਮੇਂ ਗੇਟ ’ਤੇ ਗੇਟਕੀਪਰ ਵੀ ਨਹੀਂ ਸੀ।
ਮਾਮਲਾ ਪੱਤਰਕਾਰਾਂ ਤੱਕ ਪਹੁੰਚਣ ਤੋਂ ਬਾਅਦ ਸਕੂਲ ਦੇ ਗੇਟ ਕੀਪਰ ਅਤੇ ਲੈਕਚਰਾਰ ਆਏ। ਪਰ ਜਦੋ ਇਸ ਘਟਨਾ ਸਬੰਧੀ ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸ਼ਰਮਾ ਨਾਲ ਸਪੰਰਕ ਕਰਨਾ ਚਾਹਿਆ ਤਾਂ ਉਨ੍ਹਾਂ ਨੇ ਗੱਲ ਨਹੀਂ ਕੀਤੀ। ਇਸ ਮਾਮਲੇ ਤੋਂ ਲੱਗ ਰਿਹਾ ਹੈ ਕਿ ਸਕੂਲ ਸੁਰੱਖਿਆ ਪ੍ਰਬੰਧਾਂ ਸਬੰਧੀ ਕੋਈ ਪੁਖਤਾ ਇੰਤਜ਼ਾਮ ਨਹੀਂ ਹਨ।
ਇਹ ਵੀ ਪੜੋ: ਸਿੱਧੂ ਬਣੇ ਕੈਦੀ ਨੰਬਰ 241383: ਬੈਰਕ ਨੰਬਰ 10 ਬਣੀ ਨਵਾਂ ਟਿਕਾਣਾ, ਰਾਤ ਨਹੀਂ ਖਾਧੀ ਰੋਟੀ