ਹੁਸ਼ਿਆਰਪੁਰ: ਨਵ ਨਿਯੁਕਤ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਉਨ੍ਹਾਂ ਨੂੰ ਕਾਫੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਨ੍ਹਾਂ ਨੂੰ ਹੁਸ਼ਿਆਰਪੁਰ ਵਰਗੇ ਜ਼ਿਲ੍ਹੇ 'ਚ ਆਪਣੀਆਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ 'ਚ ਵੱਖ-ਵੱਖ ਅਹੁਦਿਆਂ 'ਤੇ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਸ਼ੇ ਦੇ ਖਾਤਮੇ ਅਤੇ ਇਲਾਕਿਆਂ 'ਚ ਹੁੰਦੀ ਨਾਜਾਇਜ਼ ਮਾਈਨਿੰਗ ਵਿਰੁੱਧ ਸਖ਼ਤ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਸਮਾਜ ਵਿਰੋਧੀ ਸਰਗਰਮੀਆਂ ਤੇ ਅਨਸਰਾਂ ਨੂੰ ਕਿਸੇ ਵੀ ਕੀਮਤ 'ਤੇ ਪਨਪਣ ਨਹੀਂ ਦਿੱਤਾ ਜਾਵੇਗਾ। ਨਵਜੋਤ ਸਿੰਘ ਮਾਹਲ ਇਸ ਤੋਂ ਪਹਿਲਾਂ ਐੱਸਐੱਸਪੀ ਜਲੰਧਰ ਦਿਹਾਤੀ ਸਨ ਤੇ ਉਸ ਤੋਂ ਪਹਿਲਾਂ ਐੱਸਐੱਸਪੀ ਖੰਨਾ ਰਹਿ ਚੁੱਕੇ ਹਨ।
ਐੱਸਐੱਸਪੀ ਨੇ ਕਿਹਾ ਕਿ ਅਪਰਾਧਾਂ ਦੀ ਰੋਕਥਾਮ ਦੇ ਨਾਲ-ਨਾਲ ਅਮਨ-ਕਾਨੂੰਨ ਹਰ ਹੀਲੇ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ 'ਚ ਪੁਲਿਸ ਦੀ ਗਸ਼ਤ ਨੂੰ ਹੋਰ ਵਧਾਇਆ ਜਾਵੇਗਾ ਤੇ ਪੇਂਡੂ ਤੇ ਕੰਢੀ ਖੇਤਰਾਂ 'ਚ ਪੁਲਿਸ ਹੋਰ ਵੀ ਮੁਸਤੈਦੀ ਨਾਲ ਜ਼ੁਰਮਾਂ ਨੂੰ ਰੋਕੇਗੀ। ਸਮਾਜ ਵਿਰੋਧੀ ਅਨਸਰਾਂ ਨੂੰ ਤਾੜਦਿਆਂ, ਮਾਹਲ ਨੇ ਕਿਹਾ ਕਿ ਗੈਰ-ਕਾਨੂੰਨੀ ਸਰਗਰਮੀਆਂ ਨੂੰ ਸਖ਼ਤੀ ਨਾਲ ਰੋਕਣ ਦੇ ਨਾਲ-ਨਾਲ ਅਜਿਹੇ ਅਨਸਰਾਂ ਵਿਰੁੱਧ ਹਰ ਸੰਭਵ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।