ਹੁਸ਼ਿਆਰਪੁਰ: ਜ਼ਿਲ੍ਹੇ ਦੇ ਬਲਾਕ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਝੱਜ ਬਰਾਮਣਾ ਵਿਖੇ ਫਿਲਮੀ ਸਟਾਈਲ ਵਿਚ ਇਕ ਨੌਜਵਾਨ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਅਗਵਾਕਾਰਾਂ ਤੋਂ ਛੁਡਾਇਆ ਅਤੇ ਇੱਕ ਕਿਡਨੈਪਰ ਨੂੰ ਕਾਬੂ ਕਰ ਲਿਆ ਜਦਕਿ ਤਿੰਨ ਫਰਾਰ ਹੋ ਗਏ।
ਮਾਮਲੇ ਸਬੰਧੀ ਪੀੜਤ ਨੌਜਵਾਨ ਯਾਕੂਬ ਨੇ ਅਪਣੀ ਦਾਸਤਾਨ ਸਣਾਉੱਦੇ ਹੋਏ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਕੁਝ ਹੀ ਦੂਰੀ ’ਤੇ ਖੇਡ ਮੈਦਾਨ ਕੋਲ ਪਹੁੰਚਿਆ ਕਿ ਸਾਹਮਣੇ ਤੋਂ ਇੱਕ ਬਲੈਰੋ ਗੱਡੀ ਆ ਕੇ ਰੁਕ ਗਈ ਜਿਸ ਵਿੱਚ ਚਾਰ ਨੌਜਵਾਨ ਸਵਾਰ ਸੀ ਜਿਨ੍ਹਾਂ ਵਿਚੋਂ ਤਿੰਨ ਨੌਜਵਾਨ ਨਿਕਲੇ ਜਿਨ੍ਹਾਂ ਕੋਲ ਹਥਿਆਰ ਸੀ ਅਤੇ ਇਕ ਵਿਅਕਤੀ ਨੇ ਮੇਰੇ ਸਿਰ ਉੱਤੇ ਰਿਵਾਲਵਰ ਕੱਢਕੇ ਰੱਖ ਦਿੱਤੀ ਅਤੇ ਉਸਨੂੰ ਜਬਰਦਸਤੀ ਚੁੱਕ ਕੇ ਗੱਡੀ ਵਿੱਚ ਪਾ ਦਿੱਤਾ। ਪਰ ਇਸ ਦੌਰਾਨ ਉਸ ਵੱਲੋਂ ਰੋਲਾ ਪਾਉਣ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਉੱਥੇ ਮੌਜੂਦ ਲੋਕਾਂ ਨੇ ਉਸਦੇ ਪਰਿਵਾਰ ਨੂੰ ਦਿੱਤੀ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਉੱਤੇ ਅਗਵਾਕਾਰਾਂ ਨੇ ਝੂਠੇ ਇਲਜ਼ਾਮ ਲਾਉਣ ਦੀ ਵੀ ਗੱਲ ਆਖੀ ਹੈ। ਅਗਵਾਕਾਰਾਂ ਵਿੱਚੋਂ ਇੱਕ ਅਗਵਾਕਾਰ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਰੱਖਣਾ ਨਹੀਂ ਚਾਹੁੰਦਾ ਜਿਸ ਕਾਰਨ ਉਹ ਉਸ ਉੱਤੇ ਇਹ ਇਲਜ਼ਾਮ ਲਗਾਉਣਗੇ ਕਿ ਉਸਦੀ ਪਤਨੀ ਦਾ ਇਸਦੇ ਨਾਲ ਸਬੰਧ ਹੈ। ਇਸ ਸਬੰਧੀ ਉਹ ਵੀਡੀਓ ਵੀ ਬਣਾਉਣ ਵਾਲੇ ਸੀ। ਪਰ ਉਹ ਉਨ੍ਹਾਂ ਦੇ ਗ੍ਰਿਫਤ ਵਿੱਚ ਬਾਹਰ ਆ ਗਿਆ।
ਇਸ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਸਹੀ ਸਲਾਮਤ ਘਰ ਵਾਪਿਸ ਆ ਗਿਆ ਹੈ। ਪਰ ਇਸ ਮਾਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ ਜਿਸ ਸਬੰਧੀ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਨੌਜਵਾਨ ਨੂੰ ਅਗਵਾਕਾਰਾਂ ਕੋਲੋਂ ਰਿਹਾਅ ਕਰਵਾ ਲਿਆ ਹੈ ਅਤੇ ਇੱਕ ਮੁਲਜ਼ਮ ਨੂੰ ਕਾਬੂ ਵੀ ਕਰ ਲਿਆ ਹੈ। ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਪੰਜਾਬ ਦੇ ਕੰਮਕਾਜ ਵਿੱਚ ਦਖਲਅੰਦਾਜੀ ਕਰ ਰਹੇ ਰਾਜਪਾਲ- ਹਰਪਾਲ ਚੀਮਾ