ਹੁਸ਼ਿਆਰਪੁਰ: ਪੰਜਾਬ ਦੇ ਵਿੱਚ ਹੋਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ(2022 Assembly Elections) ਲਈ ਚਾਹੇ ਅਜੇ ਕਾਂਗਰਸ ਨੇ ਟਿਕਟਾਂ ਦੀ ਵੰਡ ਨਹੀਂ ਕੀਤੀ, ਪਰ ਜ਼ਮੀਨੀ ਹਕੀਕਤ ਦੇ ਵਿੱਚ ਟਿਕਟਾਂ ਦੀ ਵੰਡ ਨੂੰ ਲੈ ਕੇ ਪੇਚ ਫਸਦਾ ਹੋਇਆ ਨਜਰ ਆ ਰਿਹਾ ਹੈ।
ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਵਿਖੇ ਜਿੱਥੇ ਕਾਂਗਰਸੀ ਪਾਰਟੀ ਟਿਕਟ ਦੇ ਚਾਹਵਾਨ ਉਮੀਦਵਾਰਾਂ ਵੱਲੋਂ ਸਥਾਨਕ ਆਗੂ ਨੂੰ ਹੀ ਟਿਕਟ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਇਨਸਾਫ ਰੈਲੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਸਥਾਨਕ ਦਾਅਵੇਦਾਰ ਦੀ ਬਜਾਏ, ਕਿਸੇ ਬਾਹਰੀ ਉਮੀਦਵਾਰ ਨੂੰ ਟਿਕਟ ਦਿੱਤੇ ਜਾਣ ਦੀਆਂ ਕੰਨਸੋਆਂ ਕਾਰਨ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕੈਪਟਨ ਆਰ ਐਸ ਪਠਾਨੀਆ ਸਾਬਕਾ ਚੇਅਰਮੈਨ ਪੰਜਾਬ ਰਾਜਪੂਤ ਕਲਿਆਣ ਬੋਰਡ, ਹਰਮਨਦੀਪ ਸਿੰਘ ਕੂਨਰ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਐਡਵੋਕੇਟ ਪੰਕਜ ਕ੍ਰਿਪਾਲ ਵੱਲੋਂ ਇਸ ਇਨਸਾਫ਼ ਰੈਲੀ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਪਾਰਟੀ ਟਿਕਟ ਸਥਾਨਕ ਉਮੀਦਵਾਰ ਨੂੰ ਹੀ ਦਿੱਤੀ ਜਾਵੇ। ਚਾਰ ਦਿਨ ਜਾਂ ਚਾਰ ਸਾਲ ਪਹਿਲਾਂ ਗੜ੍ਹਸ਼ੰਕਰ ਆਏ ਉਮੀਦਵਾਰਾਂ ਨੂੰ ਟਿਕਟ ਨਾ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਹਾਈਕਮਾਨ ਨੂੰ ਗੁੰਮਰਾਹ ਕਰ ਕੇ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਚਾਰਾਂ ਵਿੱਚੋਂ ਕਿਸੇ ਇੱਕ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਉਸ ਦਾ ਸਮਰਥਨ ਕਰਾਂਗੇ, ਪਰ ਜੇਕਰ ਕਿਸੇ ਬਾਹਰੀ ਉਮੀਦਵਾਰ ਨੂੰ ਪਾਰਟੀ ਟਿਕਟ ਦੇਣ 'ਤੇ ਬਜ਼ਿੱਦ ਰਹੀ ਤਾਂ ਅਸੀਂ ਵੀ ਉਸ ਦਾ ਵਿਰੋਧ ਕਰਨ ਲਈ ਬਜ਼ਿੱਦ ਹੋਵਾਂਗੇ।
ਇਹ ਵੀ ਪੜ੍ਹੋ:ਚੰਡੀਗੜ੍ਹ ਨਗਰ ਨਿਗਮ ਚੋਣਾਂ 2021: ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਸੋਮਵਾਰ ਨੂੰ , ਵੋਟਾਂ ਦੀ ਗਿਣਤੀ 8 ਵਜੇ ਸੁਰੂ ਹੋਵੇਗੀ