ਹੁਸ਼ਿਆਰਪੁਰ: ਪੰਜਾਬ ਵਿੱਚ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਇਸੇ ਤਰ੍ਹਾਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਕੁੱਝ ਨਿਯਮ ਹੁੰਦੇ ਹਨ ਜਿਹਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੁੰਦਾ ਹੈ। ਜੋ ਪਾਰਟੀ ਵਿਧਾਇਕ ਪਾਲਣਾ ਨਹੀਂ ਕਰਦਾ ਉਸ 'ਤੇ ਬਣ ਦੀ ਕਾਰਵਾਈ ਕੀਤੀ ਜਾਂਦੀ ਹੈ, ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਮੁਹੱਲਾ ਬਰਸਾਨੀ ਨਗਰ ਵਿਖੇ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਆਪਣੇ ਲਾਮ ਲਸ਼ਕਰ ਨਾਲ ਮੁਹੱਲੇ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ।
ਵਿਧਾਇਕ ਦੇ ਉਸ ਸਮੇਂ ਚਿਹਰੇ ਦਾ ਰੰਗ ਉਡ ਗਿਆ ਜਦੋਂ ਮੌਕੇ 'ਤੇ ਆ ਕੇ ਪੱਤਰਕਾਰਾਂ ਵੱਲੋਂ ਵਿਧਾਇਕ ਸਾਹਿਬ ਨੂੰ ਘੇਰ ਕੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ।ਵਿਧਾਇਕ ਸਾਹਿਬ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ।
ਜਾਣਕਾਰੀ ਮੁਤਾਬਿਕ ਹੁਸ਼ਿਆਰਪੁਰ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਚੋਣ ਕਮਿਸ਼ਨ ਵੱਲੋਂ ਲਗਾਏ ਗਏ ਚੋਣ ਜ਼ਾਬਤੇ ਦੇ ਉਲਟ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਮੁਹੱਲੇ 'ਚ ਚੈਕ ਦੇਣ ਲਈ ਪਹੁੰਚੇ, ਜਦੋਂ ਮੌਕੇ 'ਤੇ ਪੱਤਰਕਾਰ ਪਹੁੰਚੇ ਤਾਂ ਵਿਧਾਇਕ ਦੇ ਕਰੀਬੀਆਂ ਵਲੋਂ ਫੋਨ ਬੰਦ ਕਰਨ ਲਈ ਕਹਿ ਦੇਣਾ ਸ਼ੁਰੂ ਕਰ ਦਿੱਤਾ ਗਿਆ।
ਪੱਤਰਕਾਰਾਂ ਦੇ ਪਹੁੰਚਦੇ ਹੀ ਵਿਧਾਇਕ ਵੀ ਉਥੋਂ ਆਪਣੇ ਕਰੀਬੀਆਂ ਨਾਲ ਖਿਸਕਣ ਲੱਗ ਪਏ ਅਤੇ ਜਦੋਂ ਪੱਤਰਕਾਰਾਂ ਵਲੋਂ ਵਿਧਾਇਕ ਤੋਂ ਸਵਾਲ ਪੁੱਛੇ ਗਏ ਤਾਂ ਉਨ੍ਹਾਂ ਨੇ ਕਿਹਾ ਗਿਆ ਕਿ ਉਹ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਲਈ ਪਹੁੰਚੇ ਸਨ।
ਉਨ੍ਹਾਂ ਨੇ ਕਿਹਾ ਕਿ ਉਹ ਸ਼ਹਿਰ ਦੇ ਵੀ ਕਈ ਗੁਰਦੁਆਰਿਆਂ 'ਚ ਨਤਮਸਤਕ ਹੋ ਕੇ ਆਏ ਨੇ ਤੇ ਜਦੋਂ ਉਨ੍ਹਾਂ ਨੂੰ ਚੈੱਕ ਦੇਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਚੈੱਕ ਉਨ੍ਹਾਂ ਨੇ ਨਹੀਂ ਦਿੱਤਾ। ਪਰੰਤੂ ਵਿਧਾਇਕ ਸਾਹਿਬ ਦਾ ਝੂਠ ਉਸ ਵਖ਼ਤ ਫੜਿਆ ਗਿਆ ਜਦੋਂ ਮੁਹੱਲੇ ਦੇ ਹੀ ਇੱਕ ਬਜ਼ੁਰਗ ਨੇ ਮੀਡੀਆ ਦੇ ਕੈਮਰੇ ਸਾਹਮਣੇ ਕਬੂਲ ਕਰ ਲਿਆ ਕਿ ਵਿਧਾਇਕ ਨੇ 5 ਲੱਖ 51 ਹਜ਼ਾਰ ਰੁਪਏ ਦਾ ਚੈੱਕ ਦਿੱਤਾ।
ਪਰੰਤੂ ਵਿਚਾਰਣ ਵਾਲੀ ਗੱਲ ਇਹ ਹੈ ਕਿ ਚੋਣ ਕਮਿਸ਼ਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਜਵੂਦ ਇਨ੍ਹਾਂ ਇਕੱਠ ਕਰਨ ਦੀ ਵਿਧਾਇਕ ਸਾਹਿਬ ਨੂੰ ਕੀ ਲੋੜ ਪੈ ਗਈ ਤੇ ਜੇਕਰ ਵਿਧਾਇਕ ਗੁਰਦੁਆਰਾ ਸਾਹਿਬ 'ਚ ਨਤਮਸਤਕ ਹੋਣ ਲਈ ਆਏ ਸਨ ਤਾਂ ਇਕੱਲੇ ਵੀ ਆ ਸਕਦੇ ਸਨ।
ਇਹ ਵੀ ਪੜ੍ਹੋ:ਚੋਣ ਜ਼ਾਬਤਾ ਲੱਗਦੇ ਹੀ ਉਤਾਰੇ ਰਾਜਨੀਤਿਕ ਪਾਰਟੀਆਂ ਦੇ ਹੋਰਡਿੰਗ ਬੋਰਡ