ਹੁਸ਼ਿਆਰਪੁਰ: ਪੰਜਾਬ 'ਚ ਮੁੜ ਤੋਂ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 628 ਨਵੇਂ ਮਾਮਲੇ ਹਨ। ਜਿਥੇ ਇੱਕ ਪਾਸੇ ਪੰਜਾਬ ਸਰਕਾਰ ਲੋਕਾਂ ਨੂੰ ਬਚਾਅ ਲਈ ਜਾਰੀ ਕੋਰੋਨਾ ਹਦਾਇਤਾਂ ਮੰਨਣ ਦੀ ਅਪੀਲ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਦੇ ਮੁਲਾਜ਼ਮ ਹੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦੇ ਨਜ਼ਰ ਆਏ।
ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਕੋਰੋਨਾ ਕੇਸਾਂ ਵਿੱਚ ਵਾਧਾ ਹੋਇਆ ਹੈ। ਹੁਸ਼ਿਆਰਪੁਰ ਦੇ ਸਰਕਾਰੀ ਸੀਨੀਅਰ ਘੰਟਾ ਘਰ ਵਿਖੇ ਦੋ ਬੱਚੇ ਕੋਰੋਨਾ ਪੌਜ਼ੀਟਿਵ ਪਾਏ ਗਏ ਸਨ। ਇਸ ਮਗਰੋਂ ਸਿਹਤ ਵਿਭਾਗ ਦੀ ਵੱਖ-ਵੱਖ ਟੀਮਾਂ ਵੱਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ।
ਵਿਦਿਆਰਥੀਆਂ ਤੇ ਅਧਿਆਪਕਾਂ ਦੇ ਕੋਰੋਨਾ ਟੈਸਟ ਦੌਰਾਨ ਸਿਹਤ ਮੁਲਾਜ਼ਮ ਬਿਨਾਂ ਮਾਸਕ ਪਾਏ ਹੀ ਕੋਰੋਨਾ ਟੈਸਟ ਕਰਦੇ ਨਜ਼ਰ ਆਏ। ਇਸ ਦੌਰਾਨ ਸਮਾਜਿਕ ਦੂਰੀ ਦੀ ਉਲੰਘਣਾ ਵੀ ਕੀਤੀ ਗਈ। ਇਸ ਨਾਲ ਸਹਿਜ਼ੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਇਸ ਮਹਾਂਮਾਰੀ ਨੂੰ ਲੈ ਕੇ ਖ਼ੁਦ ਕਿੰਨੇ ਕੁ ਗੰਭੀਰ ਹਨ।
ਸਕੂਲ ਦੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਨੇ ਦੱਸਿਆ ਦੋ ਵਿਦਿਆਰਥੀ ਕੋਰੋਨਾ ਪੌਜ਼ੀਟਿਵ ਪਾਏ ਗਏ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਫੋਨ ਕਰਕੇ ਸਕੂਲ 'ਚ ਸੂਚਨਾ ਦਿੱਤੀ। ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਾਰੇ ਹੀ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਮਝਾਉਣ ਮਗਰੋਂ ਵੀ ਬੱਚੇ ਅਣਗਹਿਲੀ ਕਰਦੇ ਹਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਲੋਕ ਕੋਰੋਨਾ ਮਹਾਂਮਾਰੀ ਨੂੰ ਹਲਕੇ 'ਚ ਨਾ ਲੈਣ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ।
ਇਹ ਵੀ ਪੜ੍ਹੋ : ਮੁੜ ਵਧਿਆ ਕੋਰੋਨਾ ਦਾ ਕਹਿਰ, 24 ਘੰਟਿਆਂ 'ਚ ਸਾਹਮਣੇ ਆਏ 628 ਨਵੇਂ ਮਾਮਲੇ, 16 ਮੌਤਾਂ