ਹੁਸ਼ਿਆਰਪੁਰ: ਬੇਗਮਪੁਰਾ ਟਾਈਗਰ ਫੋਰਸ ਨੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪੰਜਾਬ ਸਰਕਾਰ ਉੱਤੇ ਲੋਕਾਂ ਦੇ ਹੱਕ 'ਚ ਕੰਮ ਨਾ ਕਰਕੇ ਲੋਕ ਮਾਰੂ ਨੀਤੀਆਂ ਲਿਆਉਣ ਦੇ ਦੋਸ਼ ਲਾਏ।
ਬੇਗਮਪੁਰਾ ਟਾਈਗਰ ਫੋਰਸ ਦੇ ਪ੍ਰਧਾਨ ਅਸ਼ੋਕ ਸੱਲਣ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਲੋਕਾਂ ਦੇ ਕੰਮ ਕਾਜ ਪੂਰੀ ਤਰ੍ਹਾਂ ਠੱਪ ਹੋ ਗਏ। ਇਸ ਕਾਰਨ ਹੁਣ ਜ਼ਿਆਦਾਤਰ ਲੋਕ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ। ਆਰਥਿਕ ਮੰਦੀ ਦੇ ਹਲਾਤਾਂ ਦੇ ਬਾਵਜੂਦ ਸਰਕਾਰ ਵੱਲੋਂ ਲਗਾਤਾਰ ਪੈਟਰੋਲ-ਡੀਜ਼ਲ, ਬਿਜਲੀ ਦੇ ਰੇਟ ਵਧਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਰੀ ਦੇ ਦੌਰਾਨ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਨਜਾਇਜ਼ ਚਲਾਨ ਕੱਟੇ ਜਾ ਰਹੇ ਹਨ। ਜੇਕਰ ਕਿਸੇ ਵਿਅਕਤੀ ਕੋਲ ਸਾਰੇ ਕਾਗਜ਼ ਪੂਰੇ ਹੋਣ ਤਾਂ ਪੁਲਿਸ ਵੱਲੋਂ ਉਸ ਦਾ ਬਿਨਾਂ ਕਿਸੇ ਗੱਲ ਤੋਂ ਮਿਸਬਿਹੇਵ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ, ਜੋ ਕਿ ਪੂਰੀ ਤਰ੍ਹਾਂ ਗ਼ਲਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਵੱਲੋਂ ਨਾਜਾਇਜ਼ ਚਲਾਨ ਕੱਟੇ ਜਾ ਰਹੇ ਹਨ।
ਟਾਈਗਰ ਫੋਰਸ ਨੇ ਲੋਕਾਂ ਕੋਲ ਪੰਜਾਬ ਸਰਕਾਰ ਲਈ ਭੀਖ ਮੰਗ ਮੁਹਿੰਮ ਸ਼ੁਰੂ ਕੀਤੀ ਹੈ ਆਗੂਆਂ ਨੇ ਸਰਕਾਰ ਨੂੰ ਪੂਰੀ ਤਰ੍ਹਾਂ ਫੇਲ ਦੱਸਿਆ। ਉਨ੍ਹਾਂ ਸਰਕਾਰ ਵੱਲੋਂ ਲੋਕਾਂ ਦਾ ਸਾਲਾਨਾ ਟੈਕਸ ਤੇ ਹੋਰਨਾਂ ਚੀਜ਼ਾਂ 'ਤੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਵੱਧ ਟੈਕਸ ਲਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਲੋਕਾਂ ਨਾਲ ਹੋ ਰਹੀ ਲੁੱਟ ਨੂੰ ਨਾ ਰੋਕਿਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।