ਚੰਡੀਗੜ੍ਹ: ਪੰਜਾਬ ਵਿੱਚ ਸਰਕਾਰ ਬਦਲਦੇ ਹੀ ਵਿਜੀਲੈਂਸ ਵਿਭਾਗ ਸਰਗਰਮ ਹੋ ਗਿਆ। ਪੁਰਾਣੀ ਸਰਕਾਰ ਦੇ ਕਈ ਮੰਤਰੀ , ਵਿਧਾਇਕ ਅਤੇ ਪੁਰਾਣੀ ਸਰਕਾਰ ਦੇ ਚਹੇਤੇ ਸਰਕਾਰੀ ਅਧਿਕਾਰੀ ਵੀ ਵਿਜੀਲੈਂਸ ਦੀ ਰਡਾਰ ਤੇ ਆਏ ਅਤੇ ਇਨ੍ਹਾਂ ਵਿੱਚੋਂ ਕਈਆਂ ਖਿਲਾਫ ਕਾਰਵਾਈ ਵੀ ਚੱਲ ਰਹੀ ਹੈ।
ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਵਿਜੀਲੈਂਸ ਵੱਲੋਂ ਗੁਰਦਾਸਪੁਰ ਵਿਧਾਇਕ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਇੱਕ ਪੱਤਰ ਵਾਇਰਲ ਹੋ ਰਿਹਾ ਹੈ ਜੋ ਵਿਜੀਲੈਂਸ ਦੇ ਡੀਐਸਪੀ ਨਿਰਮਲ ਸਿੰਘ ਵੱਲੋਂ ਲੀਡ ਬੈਂਕ ਦੇ ਮੈਨੇਜਰ ਨੂੰ ਲਿਖਿਆ ਗਿਆ ਹੈ। ਹਾਲਾਂਕਿ ਡੀਐਸਪੀ ਨਿਰਮਲ ਸਿੰਘ ਇਸਨੂੰ 'ਸੀਕਰੇਟ ਮੈਟਰ' ਕਹਿ ਕੇ ਟਾਲਣ ਦੀ ਕੋਸ਼ਿਸ਼ ਕਰਦੇ ਹਨ ਪਰ ਇਸ ਪੱਤਰ ਨੂੰ 'ਫੇਕ' ਦੀ ਨਹੀਂ ਕਹਿੰਦੇ। ਪਰ ਵਿਜੀਲੈਂਸ ਦੇ ਐਸਐਸਪੀ ਵਰਿੰਦਰ ਕੁਮਾਰ ਨੇ ਇਸਦੀ ਪੁਸ਼ਟੀ ਕਰ ਦਿਤੀ ਹੈ ਕਿ ਇਹ ਪੱਤਰ 'ਫੇਕ' ਨਹੀਂ ਹੈ ਪਰ ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਸੀਕਰੇਟ ਹੋਣ ਦੇ ਬਾਵਜੂਦ ਇਸ ਨੂੰ ਕਿਸੇ ਬੈਂਕ ਕਰਮਚਾਰੀ ਵੱਲੋਂ ਲੀਕ ਕਰ ਦਿੱਤਾ ਗਿਆ ਹੈ, ਜਿਸ ਦੀ ਜਾਂਚ ਕੀਤੀ ਜਾਵੇਗੀ।
ਇਹ ਵੀ ਪੜੋ: ਘਰ 'ਚ ਪਏ ਪੁਰਾਣੇ ਸਾਮਾਨ ਨੂੰ ਦਿੱਤਾ ਨਵਾਂ ਰੰਗ ਰੂਪ, ਮਹਿਲਾ ਦੀ ਇਹ ਕਲਾਕਾਰੀ ਵੇਖ ਹਰ ਕੋਈ ਹੈਰਾਨ
ਕੀ ਹੈ ਮਾਮਲਾ ? : ਮਾਮਲਾ ਇਹ ਹੈ ਕਿ 3 ਅਕਤੂਬਰ ਨੂੰ ਵਿਜੀਲੈਂਸ ਵਿਭਾਗ ਗੁਰਦਾਸਪੁਰ ਦੇ ਡੀਐਸਪੀ ਨਿਰਮਲ ਸਿੰਘ ਵੱਲੋਂ ਪੱਤਰ ਨੰਬਰ 1326 ਲੀਡ ਬੈਂਕ ਦੇ ਮੈਨੇਜਰ ਦੇ ਨਾਮ ਲਿਖਿਆ ਗਿਆ ਹੈ ਜਿਸ ਵਿੱਚ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ (MLA Barindermeet Singh Pahra), ਉਨ੍ਹਾਂ ਦੇ ਭਰਾ ਬਲਜੀਤ ਸਿੰਘ ਪਾਹੜਾ ਜੋ ਨਗਰ ਕੌਂਸਲ ਗੁਰਦਾਸਪੁਰ ਦੇ ਪ੍ਰਧਾਨ ਵੀ ਹਨ, ਪਿਤਾ ਗੁਰਮੀਤ ਸਿੰਘ ਪਾਹੜਾ ਜੋ ਕਾਂਗਰਸ ਦੀ ਪੰਜਾਬ ਕਾਰਜਕਾਰਨੀ ਦੇ ਮੈਂਬਰ ਹਨ ਅਤੇ ਲੇਬਰ ਸੈਲ ਪੰਜਾਬ ਦੇ ਚੇਅਰਮੈਨ ਰਹੇ ਹਨ ਤੋਂ ਇਲਾਵਾ ਪਤਨੀ ਅਤੇ ਹੋਰ ਰਿਸ਼ਤੇਦਾਰਾਂ ਦੀ ਬੈਂਕ ਖਾਤਿਆਂ ਦੀ ਡਿਟੇਲ ਮੰਗੀ ਗਈ ਹੈ।
ਪੱਤਰ ਵਿਚ ਕੁੱਲ 8 ਨਾਮਾਂ ਦਾ ਜਿਕਰ: ਵਿਜੀਲੈਂਸ ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਵਿਚ ਕੁੱਲ 8 ਨਾਮਾਂ ਦਾ ਜਿਕਰ ਕੀਤਾ ਗਿਆ ਹੈ ਅਤੇ ਇਹ ਸਾਰੇ ਪਾਹੜਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਜਿਸ ਤੋਂ ਸਾਫ ਜਾਹਰ ਹੈ ਕਿ ਪਾਹੜਾ ਦੇ ਖਿਲਾਫ਼ ਵਿਜੀਲੈਂਸ ਵਿਭਾਗ ਵੱਲੋਂ ਕੋਈ ਵਿਭਾਗੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਜਾਂ ਫਿਰ ਜਲਦੀ ਹੀ ਕੀਤੀ ਜਾ ਰਹੀ ਹੈ। ਜਦ ਇਸ ਪੱਤਰ ਬਾਰੇ ਪੱਤਰ ਲਿਖਣ ਵਾਲੇ ਵਿਜੀਲੈਂਸ ਵਿਭਾਗ ਦੇ ਡੀ ਐਸ ਪੀ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਨਕਾਰ ਵੀ ਨਹੀਂ ਕੀਤਾ ਕਿ ਉਹ ਪੱਤਰ ਉਨ੍ਹਾਂ ਵੱਲੋਂ ਲਿਖਿਆ ਗਿਆ ਹੈ, ਪਰ ਨਾਲ ਹੀ ਇਹ ਕਹਿਣ ਲੱਗ ਪਏ ਕਿ ਇਹ 'ਸੀਕਰੇਟ ਮੈਟਰ' ਹੈ ਜਿਸ ਬਾਰੇ ਉਹ ਕੁਝ ਨਹੀਂ ਦੱਸ ਸਕਦੇ।
ਇਸ ਬਾਰੇ ਜਦੋਂ ਐਸਐਸਪੀ ਵਿਜੀਲੈਂਸ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਹੈ ਉਨ੍ਹਾਂ ਨੇ ਇਸ ਪੱਤਰ ਦੀ ਵਿਭਾਗੀ ਸਚਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਪੱਤਰ ਕਿਸੇ ਬੈਂਕ ਵੱਲੋਂ ਇੱਕੋ 'ਲੀਕ ਆਉਟ' ਕਰ ਦਿੱਤਾ ਗਿਆ ਹੈ ਜਿਸ ਦੀ ਜਾਂਚ ਹੋਵੇਗੀ। ਦੱਸ ਦਈਏ ਕਿ ਇਸ ਪੱਤਰ ਦੇ ਥੱਲੇ ਪੀ ਐਨ ਬੀ ਬੈਂਕ ਦੇ ਇੱਕ ਕੰਪਿਊਟਰ ਦਾ ਨੰਬਰ ਆ ਰਿਹਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪੱਤਰ ਪੀ ਐਨ ਬੀ ਬੈਂਕ ਦੇ ਕੰਪਿਊਟਰ ਤੋਂ ਫੋਟੋ ਖਿੱਚ ਕੇ ਕਿਸੇ ਕਰਮਚਾਰੀ ਵੱਲੋਂ ਲੀਕ ਕੀਤਾ ਗਿਆ ਹੈ।
ਇਹ ਵੀ ਪੜੋ: ਸਹੁਰੇ ਪਰਿਵਾਰ ਤੋਂ ਤੰਗ ਆ ਕੇ ਵਿਅਕਤੀ ਨੇ ਲਿਆ ਫਾਹਾ, ਖੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ 'ਚ ਲਾਏ ਇਹ ਦੋਸ਼