ਗੁਰਦਾਸਪੁਰ: ਪੰਜਾਬ 'ਚ ਬੀਤੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ 120 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਬਾਵਜੂਦ ਇਸ ਦੇ ਕੁਝ ਸ਼ਰਾਰਤੀ ਲੋਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ ਹਨ। ਬਟਾਲਾ 'ਚ ਆਬਕਾਰੀ ਵਿਭਾਗ ਅਤੇ ਬਟਾਲਾ ਪੁਲਿਸ ਵੱਲੋਂ ਸਾਂਝੀ ਛਾਪੇਮਾਰੀ ਕਰ ਹਾਥੀ ਗੇਟ ਦੇ ਨੇੜੇ ਖਾਲੀ ਪਲਾਟਾਂ, ਝਾੜੀਆਂ ਤੇ ਸੜਕ ਦੇ ਕੰਡੇ ਲੁੱਕੋ ਕੇ ਰੱਖੀ 12 ਥੈਲੀ ਦੇਸੀ ਜ਼ਹਿਰੀਲੀ ਸ਼ਰਾਬ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਬਟਾਲਾ 'ਚ ਸ਼ਰਾਬ ਪੀਣ ਨਾਲ ਬੀਤੇ ਦਿਨੀਂ 14 ਲੋਕਾਂ ਦੀ ਮੌਤ ਹੋ ਗਈ ਸੀ।
ਆਬਕਾਰੀ ਵਿਭਾਗ ਦੇ ਇੰਸਪੈਕਟਰ ਗੁਲਜ਼ਾਰ ਮਸੀਹ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ। ਸਾਰੇ ਵਿਭਾਗ ਸੂਬੇ ਅੰਦਰ ਨਸ਼ੇ 'ਤੇ ਠੱਲ੍ਹ ਪਾਉਣ ਲਈ ਸਖ਼ਤ ਕਦਮ ਚੁੱਕ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ 'ਚ ਉਨ੍ਹਾਂ ਝਾੜਿਆ ਵਿੱਚੋਂ 12 ਥੈਲੀ ਜ਼ਹਿਰੀਲੀ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਲਜ਼ਾਰ ਮਸੀਹ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਕ ਸ਼ਰਾਬ ਤਸਕਰਾਂ ਉੱਤੇ ਨਕੇਲ ਕੱਸਣ ਲਈ ਬਟਾਲਾ ਵਿੱਚ ਛਾਪੇਮਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਗਈ ਸ਼ਰਾਬ ਨੂੰ ਲੈਬ ਵਿੱਚ ਟੈਸਟਿੰਗ ਲਈ ਭੇਜਿਆ ਜਾਵੇਗਾ।