ਗੁਰਦਾਸਪੁਰ : ਕੋਰੋਨਾ ਵਾਇਰਸ ਕਾਰਨ ਜਦ ਤੋਂ ਪੰਜਾਬ 'ਚ ਕਰਫਿਊ ਜਾਰੀ ਹੈ। ਉਸ ਸਮੇਂ ਤੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਲੜੀ 'ਚ ਗੁਰਦਾਸਪੁਰ ਦਾ ਇੱਕ ਵਿਅਕਤੀ ਲੋੜਵੰਦਾਂ ਲਈ ਪੈਸਿਆਂ ਦਾ ਲੰਗਰ ਲਗਾਉਂਦਾ ਹੈ।
ਇਹ ਵਿਅਕਤੀ ਰੋਜ਼ਾਨਾ ਸਵੇਰੇ ਕਸਬਾ ਕਾਦੀਆਂ ਵਿਖੇ ਆਉਂਦਾ ਹੈ ਤੇ ਅਕਸਰ ਵੱਖ-ਵੱਖ ਚੌਕਾਂ ਉੱਤੇ ਲੋੜਵੰਦ ਲੋਕਾਂ ਨੂੰ ਪੈਸੇ ਵੰਡਦਾ ਨਜ਼ਰ ਆਉਂਦਾ ਹੈ। ਜਦ ਪੱਤਰਕਾਰਾਂ ਨੇ ਇਸ ਵਿਅਕਤੀ ਨਾਲ ਗੱਲ ਕਰਨੀ ਚਾਹੀ ਤਾਂ ਵਿਅਕਤੀ ਨੇ ਆਪਣਾ ਨਾਂਅ ਦੱਸਣ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਹ ਇਸ ਦੇਸ਼ ਦਾ ਨਾਗਰਿਕ ਹੈ ਤੇ ਉਹ ਮਹਿਜ ਆਪਣੇ ਗ਼ਰੀਬ ਭਰਾਵਾਂ ਦੀ ਮਦਦ ਕਰਨਾ ਚਾਹੁੰਦਾ ਹੈ।
ਇਸ ਬਾਰੇ ਜਦ ਪੱਤਰਕਾਰਾਂ ਨੇ ਮੌਕੇ 'ਤੇ ਮੌਜੂਦ ਲੋੜਵੰਦ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਥਾਨਕ ਲੋਕ ਇਸ ਵਿਅਕਤੀ ਨੂੰ ਮਹਾਜਨ ਸਾਹਿਬ ਦੇ ਨਾਂਅ ਨਾਲ ਜਾਣਦੇ ਹਨ। ਇਸ ਸਮਾਜ ਸੇਵੀ ਵਿਅਕਤੀ ਦਾ ਪੂਰਾ ਨਾਂਅ ਕੋਈ ਨਹੀਂ ਜਾਣਦਾ, ਪਰ ਇਹ ਵਿਅਕਤੀ ਲੋੜਵੰਦ ਲੋਕਾਂ ਦੀ ਮਦਦ ਕਰਦਾ ਹੈ ਤੇ ਰੋਜ਼ਾਨਾਂ ਉਨ੍ਹਾਂ ਲਈ ਪੈਸਿਆਂ ਦਾ ਲੰਗਰ ਲਦਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦ ਤੋਂ ਸੂਬੇ 'ਚ ਕਰਫਿਊ ਲਗਾ ਹੈ ਉਹ ਰੋਜ਼ਾਨਾ ਲੋੜਵੰਦ ਲੋਕਾਂ ਨੂੰ ਪੈਸੇ ਵੰਡਣ ਆਉਂਦਾ ਹੈ।