ਗੁਰਦਾਸਪੁਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਦੇ ਦਰਸ਼ਨਾਂ ਲਈ ਕੋਰੀਡੋਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਕਾਰੀਡੋਰ ਦੀ ਉਸਾਰੀ ਨੂੰ ਪੂਰਾ ਕਰਨ ਲਈ ਭਾਰਤੀ ਸਰਹੱਦ ਉੱਤੇ ਸਥਿਤ ਦਰਸ਼ਨ ਸਥਾਨ ਨੂੰ ਹਟਾਏ ਜਾਣ ਦੀ ਖ਼ਬਰ ਆ ਰਹੀ ਹੈ।
ਜਾਣਕਾਰੀ ਮੁਤਾਬਕ ਦਰਸ਼ਨ ਸਥਲ ਨੂੰ ਹਟਾਏ ਜਾਣ ਦੀ ਗੱਲ ਇੱਥੇ ਕਰਤਾਰਪੁਰ ਦਰਸ਼ਨ ਸਥਲੀ ਦੀ ਸਾਂਭ ਸੰਭਾਲ ਕਰਨ ਵਾਲੀ ਸੰਸਥਾ ਵੱਲੋਂ ਕਹੀ ਗਈ ਹੈ। ਫਿਲਹਾਲ ਇਸ ਬਾਰੇ ਅਜੇ ਤੱਕ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਜੇਕਰ ਕਰਤਾਰਪੁਰ ਦਰਸ਼ਨ ਸਥਾਨ ਨੂੰ ਹਟਾ ਦਿੱਤਾ ਜਾਵੇਗਾ ਤਾਂ ਸੰਗਤਾ ਦੂਰਬੀਨ ਰਾਹੀਂ ਭਾਰਤ ਤੋਂ ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਦਰਸ਼ਨ ਨਹੀਂ ਕਰ ਸਕਣਗੀਆਂ। ਸੰਗਤਾਂ ਆਉਣ ਵਾਲੇ ਕੁਝ ਦਿਨਾਂ ਤੱਕ ਹੀ ਦੂਰਬੀਨ ਰਾਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੀਆਂ ਹਨ।
ਇਸ ਮਾਮਲੇ ਚ ਚਾਹੇ ਕੋਈ ਸਰਕਾਰੀ ਤੌਰ 'ਤੇ ਪੁਸ਼ਟੀ ਤਾਂ ਨਹੀਂ ਕਰ ਰਿਹਾ ਪਰ ਜੋ ਸੰਸਥਾ ਕਰਤਾਰਪੁਰ ਦਰਸ਼ਨ ਸਥਾਨ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦੇਖ ਰਹੀ ਹੈ ਉਸ ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੰਗਤਾਂ ਦੀ ਸ਼ਰਧਾ ਨੂੰ ਬੀ.ਐਸ.ਐਫ਼ ਦੇ ਅਧਿਕਾਰੀਆਂ ਵੱਲੋਂ ਇੱਕ ਧਾਰਮਿਕ ਸੰਸਥਾ ਦੀ ਮਦਦ ਨਾਲ ਇਸ ਦਰਸ਼ਨ ਸਥਾਨ ਦੀ ਉਸਾਰੀ ਕੀਤੀ ਗਈ ਸੀ। ਇਸ ਨੂੰ 6 ਮਈ 2008 ਵਿੱਚ ਸੰਗਤਾਂ ਲਈ ਖੋਲ੍ਹਿਆ ਗਿਆ ਸੀ ਅਤੇ ਸੰਗਤਾਂ ਦੀ ਸਹੂਲਤ ਲਈ ਇੱਕ ਕੰਟੀਨ ਵੀ ਬਣਾਈ ਗਈ ਸੀ। ਇਸ ਦਰਸ਼ਨ ਸਥਾਨ ਦੀ ਦੇਖਰੇਖ ਕਰਨ ਵਾਲੀ ਸੰਸਥਾ ਅਤੇ ਸੰਗਤਾਂ ਵੱਲੋਂ ਕਰਤਾਰਪੁਰ ਦਰਸ਼ਨ ਸਥਲ ਨੂੰ ਨਾ ਹਟਾਏ ਜਾਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਕਿਸੇ ਕਾਰਨਾਂ ਕਰਕੇ ਪਾਕਿਸਤਾਨ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦੇ ਉਹ ਇਥੇ ਆ ਕੇ ਦਰਸ਼ਨ ਕਰ ਸਕਣਗੇ ਇਸ ਲਈ ਇਹ ਦਰਸ਼ਨ ਸਥਲ ਰਹਿਣਾ ਵੀ ਜ਼ਰੂਰੀ ਹੈ।