ਗੁਰਦਾਸਪੁਰ: ਐਨਆਰਆਈ ਏਜੰਟ ਨੇ ਵਿਦੇਸ਼ ਤੋਂ ਆਕੇ ਬਦਲਾ ਖੋਰੀ ਦੀ ਨੀਅਤ ਨਾਲ ਆਪਣੇ ਹੀ ਰਿਸ਼ਤੇਦਾਰਾਂ ’ਤੇ ਆਪਣੇ ਸਾਥੀਆਂ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ 2 ਵਿਅਕਤੀਆਂ ਨੂੰ ਜਖਮੀ ਕਰ ਦਿੱਤਾ। ਜ਼ਖਮੀ ਪਿਓ-ਪੁੱਤ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ। ਪਿੰਡ ਠੀਕਰੀਵਾਲ ਦੇ ਰਹਿਣ ਵਾਲੇ ਪੀੜਤ ਪਿਓ-ਪੁੱਤ ਸਲਵਿੰਦਰ ਸਿੰਘ ਅਤੇ ਰੇਸ਼ਮ ਸਿੰਘ ਨੇ ਦੱਸਿਆ ਕਿ ਐਨ ਆਰ ਆਈ ਬਲਰਾਜ ਸਿੰਘ ਜੋ ਕੇ ਏਜੰਟੀ ਦਾ ਕੰਮ ਵੀ ਕਰਦਾ ਹੈ ਅਤੇ ਉਹਨਾਂ ਦਾ ਦੂਰ ਦਾ ਰਿਸ਼ਤੇਦਾਰ ਵੀ ਹੈ। ਉਹਨਾਂ ਦੱਸਿਆ ਕਿ ਅਸੀਂ ਆਪਣੀ ਬੇਟੀ ਨੂੰ ਵਿਦੇਸ਼ ਭੇਜਣਾ ਚਾਹੁੰਦੇ ਸੀ ਤੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਬਲਰਾਜ ਸਿੰਘ ਨਾਲ ਗੱਲ ਕੀਤੀ ਤਾਂ 9 ਲੱਖ ਰੁਪਏ ਲੈਕੇ ਬਲਰਾਜ ਸਿੰਘ ਸਾਡੀ ਬੇਟੀ ਨੂੰ ਜਰਮਨ ਲੈ ਗਿਆ। ਉਥੇ ਬੇਟੀ ਅਲਗ ਤੋਂ ਰਹਿਣ ਲੱਗ ਪਈ ਕੁਝ ਸਮਾਂ ਸਭ ਕੁਝ ਠੀਕ ਠਾਕ ਰਿਹਾ ਪਰ ਕੁਝ ਸਮੇਂ ਬਾਅਦ ਬਲਰਾਜ ਸਿੰਘ ਸਾਡੀ ਬੇਟੀ ਨੂੰ ਉਸਦੇ ਘਰ ਆਕੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਲੱਗਾ ਤੇ ਕੁੱਟਮਾਰ ਕਰਨ ਲੱਗ ਗਿਆ।
ਇਹ ਵੀ ਪੜੋ: ਵਿਧਾਇਕ ਦੇ ਟਵੀਟ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਬੰਧਕਾਂ ਦੀ ਖੁੱਲ੍ਹੀ ਨੀਂਦ
ਉਹਨਾਂ ਦੱਸਿਆ ਕਿ ਇਸ ਸਬੰਧੀ ਅਸੀਂ ਜਰਮਨ ’ਚ ਆਪਣੇ ਰਿਸ਼ਤੇਦਾਰਾਂ ਤੇ ਸਮਾਜ ਸੇਵੀਆਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਫੈਸਲਾ ਕਰਵਾ ਦਿੱਤਾ, ਪਰ ਫੇਰ ਵੀ ਉਹ ਸਾਡੀ ਬੇਟੀ ਨੂੰ ਤੰਗ ਪਰੇਸ਼ਾਨ ਕਰਦਾ ਰਿਹਾ। ਹੁਣ ਕੁਝ ਦਿਨ ਪਹਿਲਾਂ ਬਲਰਾਜ ਭਾਰਤ ਆਇਆ ਅਤੇ ਸਾਡੇ ਉਤੇ ਪੈਸੇ ਦੇ ਲੈਣ ਦੇਣ ਦਾ ਕੇਸ ਕਰ ਦਿੱਤਾ। ਪੁਲਿਸ ਤਫਤੀਸ਼ ਵਿੱਚ ਉਹ ਕੇਸ ਝੂਠਾ ਸਾਬਿਤ ਹੋਇਆ ਇਸ ਤੋਂ ਬਾਅਦ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ਆਕੇ ਸਾਡੇ ਉਤੇ ਹਮਲਾ ਕਰਦੇ ਹੋਏ ਸਾਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਹਮਲੇ ਵਿੱਚ ਅਸੀਂ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਿਸ ਮਗਰੋਂ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ’ਤੇ 6 ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਹਥਿਆਰਾਂ ਸਮੇਤ ਕਾਬੂ ਕਰ ਲਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।