ਗੁਰਦਾਸਪੁਰ: ਦੇਸ਼ ਦੀ ਸੁਰੱਖਿਆ ਲਈ ਸਾਡੀ ਫੌਜ ਦੇ ਜਵਾਨ ਸਰਹੱਦਾਂ 'ਤੇ ਡੱਟੇ ਰਹਿੰਦੇ ਹਨ। ਇਸ ਦੌਰਾਨ ਕਈ ਫੌਜੀ ਸ਼ਹੀਦ ਵੀ ਹੋ ਜਾਂਦੇ ਹਨ,ਪਰ ਸਰਕਾਰ ਵੱਲੋਂ ਸ਼ਹੀਦਾਂ ਦੇ ਪਰਿਵਾਰ ਦੀ ਸਾਰ ਨਹੀਂ ਲਈ ਜਾਂਦੀ। ਅਜਿਹਾ ਹੀ ਮਾਮਲਾ ਗੁਰਦਾਸਪੁਰ ਵਿਖੇ ਸਾਹਮਣੇ ਆਇਆ ਹੈ। ਇਥੇ ਸਾਲ 2004 'ਚ ਅਨੰਤਨਾਗ ਵਿਖੇ ਗੁਰਦਾਸਪੁਰ ਦੇ ਪਿੰਡ ਪਨੀਆੜ ਤੋਂ ਬੀਐਸਐਫ ਜਵਾਨ ਪ੍ਰੇਮ ਮਸੀਹ ਦੇਸ਼ ਦੀ ਰੱਖਿਆ ਲਈ ਸ਼ਹੀਦ ਹੋ ਗਏ। ਸਰਕਾਰ ਵੱਲੋਂ ਵਾਅਦਾਖਿਲਾਫੀ ਦੇ ਚਲਦੇ ਸ਼ਹੀਦ ਦਾ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਹੈ।
ਸ਼ਹੀਦ ਪ੍ਰੇਮ ਮਸੀਹ ਦੇ ਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਉਸ ਦੇ ਪਿਤਾ ਬੀਐਸਐਫ 'ਚ ਬਤੌਰ ਸਿਪਾਹੀ ਸੇਵਾਵਾਂ ਨਿਭਾ ਰਹੇ ਸੀ। ਸਾਲ 2004 'ਚ ਵਿੱਚ ਉਨ੍ਹਾਂ ਦੀ ਪੋਸਟਿੰਗ ਅੰਨਤਨਾਗ ਵਿਖੇ ਹੋ ਗਈ। ਦੇਸ਼ ਦੀ ਸੁਰੱਖਿਆ ਲਈ ਦੁਸ਼ਮਨਾਂ ਨਾਲ ਮੁਕਾਬਲਾ ਕਰਦੇ ਹੋਏ ਉਨ੍ਹਾਂ ਦੇ ਪਿਤਾ ਸ਼ਹੀਦ ਹੋ ਗਏ। ਉਸ ਸਮੇਂ ਉਹ ਬੇਹਦ ਛੋਟਾ ਸੀ। ਉਸ ਦੇ ਪਿਤਾ ਦੀ ਸ਼ਹਾਦਤ ਮੌਕੇ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਕਈ ਵੱਡੇ-ਵੱਡੇ ਵਾਅਦੇ ਕੀਤੇ ਗਏ, ਪਰ ਅੱਜ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।
ਉਸਨੇ ਦੱਸਿਆ ਕਿ ਪਿਤਾ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਵੱਲੋੋਂ ਉਨ੍ਹਾਂ ਨੂੰ ਨਾ ਹੀ ਸਰਕਾਰੀ ਨੌਕਰੀ ਮਿਲੀ ਤੇ ਨਾਂ ਹੀ ਕਿਸੇ ਤਰ੍ਹਾਂ ਦੀ ਆਰਥਿਕ ਮਦਦ ਮਿਲੀ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਦਾ ਨਾਂਅ ਉਸ ਦੇ ਪਿਤਾ ਨਾਂਅ 'ਤੇ ਰੱਖਣ ਦਾ ਵਾਅਦਾ ਕੀਤਾ ਗਿਆ, ਜਦੋੇਂ ਕਿ ਸਰਕਾਰ ਨੇ ਇਹ ਵਾਅਦਾ ਵੀ ਪੂਰਾ ਨਹੀਂ ਕੀਤਾ।
ਸ਼ਹੀਦ ਦੇ ਪੁੱਤਰ ਪਵਨ ਨੇ ਦੱਸਿਆ ਕਿ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉਹ ਇੱਕ ਸਕੂਲ ਬੱਸ ਚਲਾ ਕੇ ਆਪਣੀ ਬਜ਼ੁਰਗ ਮਾਂ ਦੀ ਦੇਖਭਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਪਹਿਲਾਂ ਤਾਂ ਸਰਕਾਰਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਹਨ ਤੇ ਮੁੜ ਉਨ੍ਹੀ ਦੀ ਸਾਰ ਨਹੀਂ ਲੈਂਦੀ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਪੂਰਾ ਕੀਤੇ ਜਾਣ ਦੀ ਮੰਗ ਕਰਦਿਆਂ ਸ਼ਹੀਦ ਦੇ ਪਰਿਵਾਰ ਦੀ ਸਾਰ ਲੈਣ ਦੀ ਅਪੀਲ ਕੀਤੀ।