ਗੁਰਦਾਸਪੁਰ: ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ। ਇਸ ਮੁਹਿੰਮ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਹਰਦੋਛੰਨੀ ਰੋਡ 'ਤੇ ਸਥਿਤ ਇੱਕ ਖੋਖੇ ਨੂੰ ਹਟਾਉਣ ਦਾ ਮਾਮਲਾ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਗੁਰਦਾਸਪੁਰ ਵਿੱਚ ਕਾਂਗਰਸੀ ਆਗੂ ਅਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੱਲੋਂ ਖੋਖਾ ਹਟਾਏ ਜਾਣ 'ਤੇ ਧਰਨਾ ਲਗਾਇਆ ਗਿਆ ਹੈ, ਜਿਸ ਨੂੰ ਲੈ ਕੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਰਮਨ ਬਹਿਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਇਸ 'ਤੇ ਰੋਸ ਵਿਅਕਤ ਕੀਤਾ ਹੈ।
ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਰਮਨ ਬਹਿਲ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਮੁਹਿੰਮ ਦੇ ਤਹਿਤ ਹੀ ਨਜਾਇਜ਼ ਕੀਤੇ ਗਏ ਕਬਜ਼ੇ ਛੁਡਾਏ ਜਾ ਰਹੇ ਹਨ। ਉਨ੍ਹਾਂ ਨੇ ਕਾਂਗਰਸ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਵੱਲੋਂ ਲਗਾਏ ਗਏ ਇਲਜਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਰਾਜਨੀਤਿਕ ਰੰਜਿਸ਼ ਦੇ ਕਾਰਨ ਇਸ ਖੋਖੇ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਖੋਖਾ ਨਾਜ਼ਾਇਜ ਢੰਗ ਦੇ ਨਾਲ ਚੱਲ ਰਿਹਾ ਹੈ ਅਤੇ ਇਸ ਖੋਖੇ 'ਤੇ ਦੇਰ ਰਾਤ ਮੀਟ ਸ਼ਰਾਬ ਦਾ ਸੇਵਨ ਹੁੰਦਾ ਹੈ ਜਿਸ ਦੇ ਕਾਰਨ ਆਲੇ ਦੁਆਲੇ ਲੋਕ ਵੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਦੇ ਵੱਲੋਂ ਵੀ ਕਾਫ਼ੀ ਸ਼ਿਕਾਇਤਾਂ ਦਿੱਤੀਆਂ ਹਨ ਪਰ ਪਿਛਲੀਆਂ ਸਰਕਾਰਾਂ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਸਿਸਟਮ ਬਦਲ ਚੁੱਕਿਆ ਹੈ। ਹੁਣ ਹਰ ਕਿਸੇ ਨਾਲ ਇਨਸਾਫ਼ ਕੀਤਾ ਜਾਵੇਗਾ।
ਆਪ ਆਗੂ ਨੇ ਬਰਿੰਦਰਮੀਤ ਸਿੰਘ ਪਾਹੜਾ 'ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵੱਲੋਂ ਨਾਜ਼ਾਇਜ ਕਬਜਾ ਕਰਨ ਵਾਲੇ ਦੀ ਹਮਾਇਤ ਕੀਤੀ ਜਾ ਰਹੀ ਹੈ ਜੋ ਕਿ ਬਿਲਕੁਲ ਗਲਤ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਨਹੀਂ ਹੋਣ ਦੇਵੇਗੀ ਅਤੇ ਹਰ ਕਿਸੇ ਦੇ ਕੋਲੋਂ ਨਾਜ਼ਾਇਜ ਕਬਜ਼ਾ ਛੁਡਵਾਇਆ ਜਾਵੇਗਾ। ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਜਦ ਪਤਾ ਲਗਾ ਕਿ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਖੋਖਾ ਹਟਵਾਇਆ ਜਾ ਰਿਹਾ ਹੈ ਤਾਂ ਉਹ ਇਸ ਖੋਖੇ ਨੂੰ ਬਚਾਉਣ ਲਈ ਸਾਰੀ ਰਾਤ ਆਪਣੇ ਸਮਰਥਕਾਂ ਨਾਲ ਖੋਖੇ ਦੇ ਬਾਹਰ ਹੀ ਮੰਝਾ ਢਾਹ ਕੇ ਬੈਠੇ ਰਹੇ। ਉਨ੍ਹਾਂ ਨੇ ਕਿਹਾ ਕਿ ਸਿਆਸੀ ਸ਼ਹਿ 'ਤੇ ਇਸ ਗਰੀਬ ਖੋਖੇ ਵਾਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਤਜਿੰਦਰ ਬੱਗਾ ਗ੍ਰਿਫ਼ਤਾਰੀ ਮਾਮਲਾ: ਮੁਹਾਲੀ ਅਦਾਲਤ ਦੇ ਫੈਸਲੇ 'ਤੇ ਹਾਈਕੋਰਟ ਨੇ ਲਗਾਈ ਰੋਕ