ਸ੍ਰੀ ਫ਼ਤਿਹਗੜ੍ਹ ਸਾਹਿਬ : ਪੰਜਾਬ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ ਹੋਣ ਦੀ ਖ਼ਬਰ ਹੈ।
ਮ੍ਰਿਤਕ ਮਰੀਜ਼ ਦੀ ਪਛਾਣ 51 ਸਾਲਾ ਦਵਿੰਦਰ ਕੁਮਾਰ ਸਰਹਿੰਦ ਦੇ ਵਸਨੀਕ ਵਜੋਂ ਹੋਈ ਹੈ। ਮ੍ਰਿਤਕ ਪੇਸ਼ੇ ਤੋਂ ਆੜਤੀ ਸੀ। ਦੇਰ ਰਾਤ ਦਵਿੰਦਰ ਦੀ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ।
ਇਸ ਮਾਮਲੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਫ਼ਤਿਹਗੜ੍ਹ ਸਾਹਿਬ ਦੇ ਸਿਵਲ ਸਰਜਨ ਡਾ. ਐਨ. ਕੇ ਅਗਰਵਾਲ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ 51 ਸਾਲ ਸੀ ਅਤੇ ਉਹ ਕਿਡਨੀ ਦੀ ਬਿਮਾਰੀ ਤੋਂ ਪੀੜਤ ਸੀ। ਕਿਡਨੀ ਦੀ ਬਿਮਾਰੀ ਦੇ ਇਲਾਜ ਲਈ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਦਵਿੰਦਰ ਦਾ ਕੋਵਿਡ-19 ਟੈਸਟ ਕਰਵਾਇਆ ਗਿਆ ਤਾਂ ਉਸ ਦੀ ਰਿਪੋਰਟ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਵੱਲੋਂ ਉਸ ਨੂੰ ਪਟਿਆਲਾ ਵਿਖੇ ਕੋਰੋਨਾ ਦੇ ਇਲਾਜ ਲਈ ਰੈਫਰ ਕੀਤਾ ਗਿਆ ਸੀ, ਪਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਜਬਰਨ ਉਥੋਂ ਹਟਾ ਕੇ ਜਲੰਧਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਮ੍ਰਿਤਕ ਦੇ ਇੱਕ ਹੋਰ ਪਰਿਵਾਰਕ ਮੈਂਬਰ ਨੂੰ ਜਲੰਧਰ ਦੇ ਉਸੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ,ਜਿਥੇ ਉਸ ਦੀ ਮੌਤ ਹੋਈ ਹੈ।
ਦੱਸਣਯੋਗ ਹੈ ਕਿ ਬੀਤੇ ਐਤਵਾਰ ਜ਼ਿਲ੍ਹੇ ਕੋਰੋਨਾ ਵਾਇਰਸ ਦੇ 10 ਨਵੇਂ ਮਾਮਲੇ ਸਾਹਮਣੇ ਆਏ ਸਨ। ਕੋਰੋਨਾ ਵਾਇਰਸ ਕਾਰਨ ਸ਼ਹਿਰ 'ਚ ਇਹ ਤੀਜੀ ਮੌਤ ਹੋਈ ਹੈ, ਇਸ ਤੋਂ ਪਹਿਲਾਂ ਵੀ ਦੋ ਲੋਕ ਕੋਰੋਨਾ ਮਹਾਂਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਸਿਵਲ ਸਰਜਨ ਨੇ ਸ਼ਹਿਰ ਵਾਸੀਆਂ ਨੂੰ ਕੋਵਿਡ-19 ਤੋਂ ਬਚਾਅ ਸਬੰਧੀ ਹਦਾਇਤਾ ਦੀ ਪਾਲਣਾ ਕਰਨ, ਮਾਸਕ ਪਾਉਣ ਤੇ ਵੱਧ ਤੋਂ ਵੱਧ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ ਹੈ।