ਫਤਹਿਗੜ੍ਹ ਸਾਹਿਬ: ਤੇਜ਼ ਮੀਂਹ ਅਤੇ ਗੜੇਮਾਰੀ ਦੇ ਨਾਲ ਕਿਸਾਨਾਂ ਦੀ ਸੂਰਜਮੁਖੀ ਅਤੇ ਮੱਕੀ ਦੀ ਫਸਲ ਦਾ ਨੁਕਸਾਨ ਹੋਇਆ ਹੈ। ਇਹ ਹੀ ਕਾਰਨ ਹੈ ਜਿੱਥੇ ਬਰਸਾਤ ਦੇ ਨਾਲ ਆਮ ਲੋਕਾਂ ਨੂੰ ਗਰਮੀ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨਜ਼ਰ ਆ ਰਹੇ ਹਨ। ਕਿਸਾਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਸਮਝੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਗੁਰਪ੍ਰੀਤ ਸਿੰਘ ਤੇ ਜੰਗ ਸਿੰਘ ਨੇ ਦੱਸਿਆ ਕਿ ਤੇਜ਼ ਮੀਂਹ ਦੇ ਨਾਲ ਨਾਲ ਗੜੇਮਾਰੀ ਵੀ ਹੋਈ ਹੈ। ਜਿਸ ਕਾਰਨ ਉਨ੍ਹਾਂ ਦੀ 15 ਏਕੜ ਦੇ ਕਰੀਬ ਸੂਰਜਮੁੱਖੀ ਤੇ ਮੱਕੀ ਦੀ ਫਸਲ ਨੁਕਸਾਨੀ ਗਈ। ਜਿਸ ਦੇ ਨਾਲ ਉਨ੍ਹਾਂ ਨੂੰ ਬਹੁਤ ਆਰਥਿਕ ਨੁਕਸਾਨ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਗੜੇਮਾਰੀ ਇੰਨੀ ਤੇਜ਼ ਸੀ ਕਿ ਉਨ੍ਹਾਂ ਦੀ ਸੂਰਜਮੁਖੀ ਦੀ ਫਸਲ ਟੁੱਟ ਕੇ ਬਿਖਰ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਜੋ ਸੂਰਜਮੁਖੀ ਦੀ ਫਸਲ ਨੁਕਸਾਨੀ ਗਈ ਹੈ ਉਸ ਨੂੰ ਦੁਬਾਰਾ ਨਹੀਂ ਲਗਾਇਆ ਜਾ ਸਕਦਾ। ਇਸ ਤੋਂ ਪਹਿਲਾਂ ਵੀ ਬਾਰਿਸ਼ ਦੇ ਨਾਲ ਆਲੂ ਦੀ ਫਸਲ ਦਾ ਨੁਕਸਾਨ ਹੋਇਆ ਸੀ ਅਤੇ ਕਣਕ ਦੀ ਫਸਲ ਦਾ ਝਾੜ ਘੱਟ ਮਿਲਿਆ। ਇਸ ਸਮੇਂ ਕਿਸਾਨ ਦੋਹਰੀ ਮਾਰ ਝੱਲ ਰਿਹਾ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: CM ਦੀ ਫੇਰੀ ਤੋਂ ਕੁਝ ਘੰਟੇ ਪਹਿਲਾਂ ਬਜ਼ੁਰਗ ਜੋੜੇ ਦਾ ਕਤਲ, ਨਹੀਂ ਹੋਈ ਕੋਈ ਲੁੱਟ !